August 27, 2016 | By ਹਮੀਰ ਸਿੰਘ
ਚੰਡੀਗੜ੍ਹ (ਹਮੀਰ ਸਿੰਘ): ਸਿਆਸੀ ਭ੍ਰਿਸ਼ਟਾਚਾਰ ਅਤੇ ਅਪਰਾਧੀਕਰਨ ਖਿਲਾਫ਼ ਲੜਾਈ ਲੜਨ ਦੇ ਦਾਅਵੇ ਨਾਲ ਸਿਆਸੀ ਮੈਦਾਨ ਵਿੱਚ ਆਈ ਆਮ ਆਦਮੀ ਪਾਰਟੀ ਵੱਲੋਂ ਸ਼ੁਰੂ ਕੀਤੇ ਗਏ ਸਟਿੰਗ ਸਭਿਆਚਾਰ ਨੇ ਬੇਭਰੋਸਗੀ ਦਾ ਆਲਮ ਪੈਦਾ ਕਰ ਦਿੱਤਾ ਹੈ। ਸਿਆਸੀ ਵਿਸ਼ਲੇਸ਼ਕਾਂ ਅਤੇ ਸਿਆਸਤਦਾਨਾਂ ਦੀ ਮੰਨੀ ਜਾਵੇ ਤਾਂ ਇਹ ਟਿਕਾਊ ਸਿਆਸਤ ਦੀ ਨਿਸ਼ਾਨੀ ਨਹੀਂ ਹੈ ਕਿਉਂਕਿ ਇਹ ਅੰਦਰੂਨੀ ਜਮਹੂਰੀਅਤ ਅਤੇ ਭਰੋਸੇਯੋਗ ਜਥੇਬੰਦਕ ਢਾਂਚਾ ਖੜ੍ਹਾ ਕਰਨ ਦੀ ਬਜਾਏ ਤਾਨਾਸ਼ਾਹੀ ਰੁਝਾਨ ਨੂੰ ਜਨਮ ਦਿੰਦਾ ਹੈ।
ਪੰਜਾਬ ਯੂਨੀਵਰਸਿਟੀ ਦੇ ਰਾਜਨੀਤੀ ਸ਼ਾਸਤਰ ਦੇ ਪ੍ਰੋ. ਆਸ਼ੂਤੋਸ਼ ਕੁਮਾਰ ਦਾ ਕਹਿਣਾ ਹੈ ਕਿ ਬਿਨਾਂ ਸ਼ੱਕ ‘ਆਪ’ ਭ੍ਰਿਸ਼ਟਾਚਾਰ ਦੇ ਵਿਰੋਧ ਵਜੋਂ ਸਿਆਸੀ ਮੈਦਾਨ ਵਿੱਚ ਉੱਤਰੀ ਹੈ ਪਰ ਇਹ ਸੋਚਣਾ ਅਹਿਮ ਹੈ ਕਿ ਪੰਜਾਬੀਆਂ ’ਤੇ ਬਾਹਰੀ ਤਾਨਾਸ਼ਾਹੀ ਤਰੀਕੇ ਨਾਲ ਰਾਜ ਨਹੀਂ ਕੀਤਾ ਜਾ ਸਕੇਗਾ। ਪਾਰਟੀ ਦੇ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੂੰ ਜੋ ਇਲਜ਼ਾਮ ਲਗਾ ਕੇ ਕੱਢਿਆ ਜਾ ਰਿਹਾ ਹੈ ਉਸ ਬਾਰੇ ਪੰਜਾਬੀਆਂ ਦਾ ਨਜ਼ਰੀਆ ‘ਆਪ’ ਵਰਗਾ ਨਹੀਂ ਹੈ। ਪੰਜਾਬ ਛੋਟਾ ਸੂਬਾ ਹੈ ਅਤੇ ਇੱਥੇ ਹਰ ਆਗੂ ਬਾਰੇ ਲੋਕ ਜਾਣਦੇ ਹਨ।
ਸਟਿੰਗ ਕਰਕੇ ਤੁਰੰਤ ਫ਼ੈਸਲੇ ਲੈਣ ਦਾ ਰੁਝਾਨ ਸਿਆਸੀ ਸਭਿਆਚਾਰ ਵਿੱਚ ਡਰ ਦਾ ਮਾਹੌਲ ਪੈਦਾ ਕਰਦਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਦੀ ਆਗੂ ਟੀਮ ਲੋੜੋਂ ਵੱਧ ਹਉਮੈ ਦੀ ਸ਼ਿਕਾਰ ਨਜ਼ਰ ਆ ਰਹੀ ਹੈ। ਪੰਜਾਬ ਵਿੱਚ ਇੱਕ ਮਜ਼ਬੂਤ ਪੰਜਾਬੀ ਆਗੂ ਤੋਂ ਬਿਨਾਂ ਸਿਆਸੀ ਲੜਾਈ ਜਿੱਤਣਾ ਖਾਮਖਿਆਲੀ ਵੀ ਹੋ ਸਕਦੀ ਹੈ। ‘ਆਪ’ ਦੀਆਂ ਸਟੇਜਾਂ ’ਤੇ ਨਜ਼ਰ ਆਉਂਦੇ ਰਹੇ ਅਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਉਪ ਚੇਅਰਮੈਨ ਪ੍ਰੋ. ਬਾਵਾ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਛੋਟੇਪੁਰ ਵਾਲੇ ਫ਼ੈਸਲੇ ਤੋਂ ਨਿਰਾਸ਼ਾ ਹੋਈ ਹੈ। ਅਰਵਿੰਦ ਕੇਜਰੀਵਾਲ ਜਾਣਬੁੱਝ ਕੇ ਪੰਜਾਬ ਵਿੱਚ ਜਥੇਬੰਦਕ ਢਾਂਚਾ ਨਹੀਂ ਬਣਾਉਣਾ ਚਾਹੁੰਦੇ ਕਿਉਂਕਿ ਅਜਿਹਾ ਕਰਨ ਨਾਲ ਜਵਾਬਦੇਹੀ ਵਾਲਾ ਮਾਹੌਲ ਪੈਦਾ ਹੋਵੇਗਾ। ਅਜਿਹੇ ਮਾਹੌਲ ਵਿੱਚ ਪਾਰਟੀ ਵਾਲੰਟੀਅਰਾਂ ਦੀ ਸੱਦਪੁੱਛ ਸੰਭਵ ਨਹੀਂ ਹੈ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋ. ਜਗਰੂਪ ਸਿੰਘ ਸੇਖੋਂ ਨੇ ਕਿਹਾ ਕਿ ਸਟਿੰਗ ਰਾਹੀਂ ਇੱਕ ਦੂਸਰੇ ਨੂੰ ਹੇਠਾਂ ਲਾਉਣਾ ਇੱਕ ਤਰ੍ਹਾਂ ਦੀ ਸਿਆਸੀ ਨੌਟੰਕੀ ਹੈ। ਇਹ ਵਰਤਾਰਾ ਟਿਕਾਊ ਨਹੀਂ ਹੋ ਸਕਦਾ। ਸਟਿੰਗ ਹੀ ਕੇਜਰੀਵਾਲ ਖਿਲਾਫ ਵੀ ਵਰਤਿਆ ਗਿਆ ਸੀ ਜਦੋਂ ਇੱਕ ਸੀਨੀਅਰ ਆਗੂ ਦਾ ਨਾਮ ਲੈਂਦਿਆਂ ਕੇਜਰੀਵਾਲ ਕਹਿ ਰਹੇ ਸਨ ਕਿ ਉਹ ਸਬੰਧਿਤ ਆਗੂ ਨੂੰ ਲੱਤ ਮਾਰ ਕੇ ਬਾਹਰ ਕਰ ਦੇਣਗੇ। ਇਹ ਅਲੱਗ ਗੱਲ ਹੈ ਕਿ ਸਾਰੀ ਤਾਕਤ ਆਪਣੇ ਕੋਲ ਰੱਖੀ ਹੋਣ ਕਾਰਨ ਕੇਜਰੀਵਾਲ ਖ਼ਿਲਾਫ਼ ਕਾਰਵਾਈ ਨਹੀਂ ਹੋਈ। ਸਟਿੰਗ ਦਾ ਸਹਾਰਾ ਲੈ ਕੇ ਹੀ ਯੋਗੇਂਦਰ ਯਾਦਵ ਨੂੰ ਪਾਰਟੀ ਵਿੱਚੋਂ ਕੱਢਿਆ ਗਿਆ ਸੀ। ਉਸ ਮੌਕੇ ਇੱਕ ਔਰਤ ਪੱਤਰਕਾਰ ਦਾ ਫੋਨ ਕੇਜਰੀਵਾਲ ਦੇ ਨੇੜਲੇ ਸਾਥੀ ਵੱਲੋਂ ਟੇਪ ਕੀਤੇ ਜਾਣ ਦੇ ਦੋਸ਼ ਵੀ ਲੱਗੇ ਸਨ।
ਸਟਿੰਗ ਸੱਭਿਆਚਾਰ ਵੱਖਰੇ ਵਿਚਾਰ ਅਤੇ ਆਗੂ ਵਜੋਂ ਵਿਚਰਨ ’ਤੇ ਮੁਕੰਮਲ ਰੋਕ ਲਗਾਉਣ ਦੀ ਕੋਸ਼ਿਸ਼ ਹੈ। ਪਾਰਟੀ ਦੇ ਇੱਕ ਸੀਨੀਅਰ ਆਗੂ ਅਨੁਸਾਰ ਸੰਸਦ ਭਗਵੰਤ ਮਾਨ ਦੀ ਆਡੀਓ ਟੇਪ ਪਟਿਆਲਾ ਤੋਂ ਸੰਸਦ ਧਰਮਵੀਰ ਗਾਂਧੀ ਨੇ ਜਨਤਕ ਕਰ ਦਿੱਤੀ ਸੀ ਜਿਸ ਵਿੱਚ ਟੈਲੀਫੋਨ ਗੱਲਬਾਤ ਵਿੱਚ ਭਗਵੰਤ ਮਾਨ ਦਿੱਲੀ ਦੀ ਲੀਡਰਸ਼ਿਪ ਖ਼ਿਲਾਫ਼ ਬੋਲ ਰਹੇ ਸਨ। ਭਗਵੰਤ ਨੇ ਜਿਵੇਂ ਕਿਵੇਂ ਮੁਆਫ਼ੀ ਮੰਗ ਕੇ ਕੰਮ ਚਲਾ ਲਿਆ ਅਤੇ ਕੋਈ ਕਾਰਵਾਈ ਨਹੀਂ ਕੀਤੀ। ਇਸ ਤੋਂ ਇਲਾਵਾ ਦਿੱਲੀ ਵਿੱਚ ਪਾਰਟੀ ਦੇ ਇੱਕ ਦਰਜਨ ਵਿਧਾਇਕ ਜੇਲ੍ਹ ਵੀ ਚਲੇ ਗਏ ਹਨ ਪਰ ਪਾਰਟੀ ਤਰਫੋਂ ਕੋਈ ਠੋਸ ਕਾਰਵਾਈ ਨਹੀਂ ਹੋਈ। ਸੂਤਰਾਂ ਅਨੁਸਾਰ ‘ਆਪ’ ਦੇ ਪੰਜਾਬ ਦੇ ਇੱਕ ਸੀਨੀਅਰ ਆਗੂ ਨੇ ਵੀ ਇਹ ਮੁੱਦਾ ਉਠਾਇਆ ਕਿ ਛੋਟੇਪੁਰ ਨੂੰ ਕੱਢਣ ਦੀ ਮੰਗ ਕਰਨ ਤੋਂ ਪਹਿਲਾਂ ਮਾਮਲੇ ਦੀ ਪੁਖ਼ਤਗੀ ਨਾਲ ਜਾਂਚ ਕਰਵਾਈ ਜਾਣੀ ਚਾਹੀਦੀ ਹੈ।
ਸਟਿੰਗ ਕਰਨ ਵਾਲੇ ਵਿਅਕਤੀਆਂ ਅਤੇ ਛੋਟੇਪੁਰ ਦੇ ਬਿਆਨ ਸਾਹਮਣੇ ਆਉਣੇ ਚਾਹੀਦੇ ਹਨ। ਤਖ਼ਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਇਸ ਗੱਲ ’ਤੇ ਹੈਰਾਨ ਹਨ ਕਿ ਪੰਜਾਬ ਨਾਲ ਸਬੰਧਿਤ ਸਾਰੇ 21 ਆਗੂਆਂ ਨੇ ਬਿਨਾਂ ਸੁਆਲ ਉਠਾਏ ਹੀ ਛੋਟੇਪੁਰ ਨੂੰ ਕੱਢਣ ਦੀ ਚਿੱਠੀ ’ਤੇ ਦਸਤਖ਼ਤ ਕਰ ਦਿੱਤੇ। ਕੀ ਸਿਆਸੀ ਮਜਬੂਰੀ ਇਸ ਕਦਰ ਵੀ ਹੋ ਸਕਦੀ ਹੈ ਕਿ ਹਰ ਗੱਲ ਨੂੰ ਸਿਰ ਝੁਕਾ ਕੇ ਮੰਨ ਲਿਆ ਜਾਵੇ। ਇਹ ਵਰਤਾਰਾ ਪੰਜਾਬ ਦੇ ਭਵਿੱਖ ਲਈ ਵੀ ਸੁਖਾਵਾਂ ਨਹੀਂ ਹੋਵੇਗਾ।
(ਧੰਨਵਾਦ ਸਹਿਤ: ਪੰਜਾਬੀ ਟ੍ਰਿਬਿਊਨ)
Related Topics: Aam Aadmi Party, Giani Kewal Singh, Hamir Singh, Prof. Ashutosh Kumar, Prof. Jagroop Singh Sekhon, Sucha Singh Chhotepur