ਚੰਡੀਗੜ੍ਹ: ਆਮ ਆਦਮੀ ਪਾਰਟੀ ਮਾਲ ਮੰਤਰੀ ਬਿਕਰਮ ਮਜੀਠੀਆ ਦੀ ਤੁਰੰਤ ਗ੍ਰਿਫਤਾਰੀ ਚਾਹੁੰਦੀ ਹੈ। “ਨਸ਼ੇ ਦੇ ਕਾਰੋਬਾਰ ਲਈ ਜਿਮੇਵਾਰ ਬਿਕਰਮ ਸਿੰਘ ਮਜੀਠੀਆ ਨੂੰ ਤੁਰੰਤ ਗਿਰਫਤਾਰ ਕੀਤਾ ਜਾਵੇ ਕਿਉਂ ਜੋ ਨਸ਼ੇ ਦੇ ਤਸਕਰ ਅਤੇ ਸ਼੍ਰੋਮਣੀ ਅਕਾਲੀ ਦਲ ਜਿਲਾ ਅਮ੍ਰਿਤਸਰ ਦੇ ਖਜਾਨਚੀ ਬਿਟੂ ਔਲਖ, ਨਸ਼ੇ ਦੇ ਤਸ਼ਕਰ ਅਤੇ ਕੈਮਿਕਲ ਕੰਪਨੀ ਦੇ ਮਾਲਿਕ ਜਗਜੀਤ ਸਿੰਘ ਚਾਹਲ ਅਤੇ ਪੰਜਾਬ ਪੁਲਿਸ ਦੇ ਸਾਬਕਾ ਡੀਐਸਪੀ ਜਗਦੀਸ਼ ਸਿੰਘ ਭੋਲਾ ਨੇ ਪੁਛਗਿਛ ਦੌਰਾਨ ਕਿਹਾ ਕਿ ਪੰਜਾਬ ਵਿਚ ਨਸ਼ੇ ਦੇ ਕਾਰੋਬਾਰ ਨੂੰ ਪ੍ਰਫੁਲਿਤ ਕਰਨ ਲਈ ਬਿਕਰਮ ਸਿੰਘ ਮਜੀਠੀਆ ਜਿਮੇਵਾਰ ਹੈ”, ਪੰਜਾਬ ਦੇ ਗਵਰਨਰ ਨੂੰ ਦਿੱਤੇ ਮੰਗ ਪੱਤਰ ਵਿਚ ਆਪ ਵਲੋਂ ਸੁੱਚਾ ਸਿੰਘ ਛੋਟੇਪੁਰ ਨੇ ਇਹ ਗੱਲ ਕਹੀ।
ਸਿੱਖ ਸਿਆਸਤ ਦੇ ਪਾਠਕਾਂ ਲਈ ਮੰਗ ਪੱਤਰ ਦਾ ਉਤਾਰਾ:
ਮਾਣਯੋਗ ਰਾਜਪਾਲ ਸਾਹਿਬ
ਪੰਜਾਬਮੰਗ ਪੱਤਰ
- 1947 ਤੋਂ ਹੁਣ ਤੱਕ ਸਰਕਾਰਾਂ ਦੁਆਰਾ ਕਿਸਾਨਾਂ ਨੂੰ ਅਣਗੋਲਿਆ ਕਰਨ ਕਾਰਨ ਪੰਜਾਬ ਦਾ ਕਿਸਾਨ ਮੁਸ਼ਕਲਾਂ ਨਾਲ ਜੂਝ ਰਿਹਾ ਹੈ। ਕਿਸਾਨ ਇਸ ਹੱਦ ਤੱਕ ਨਿਰਾਸ਼ ਹਨ ਕਿ ਉਹ ਵੱਡੇ ਪੱਧਰ ਤੇ ਆਤਮ ਹੱਤਿਆਵਾਂ ਕਰ ਰਹੇ ਹਨ। ਕੈਗ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਖਰੀਦ ਏਜੰਸੀਆਂ ਦੇ ਸਟੋਰਾਂ ਵਿਚ 12000 ਕਰੋੜ ਦੇ ਅਨਾਜ ਦੀ ਕਮੀ ਪਾਈ ਗਈ ਹੈ। ਇਸ ਕਮੀ ਕਾਰਨ ਆਰਬੀਆਈ ਬੈਂਕਾ ਰਾਹੀਂ ਸਮੇਂ ਤੇ ਕੈਸ਼ ਕਰੈਡਿਟ ਲਿਮਟ ਜਾਰੀ ਨਹੀਂ ਕਰ ਰਹੀ। ਜਿਸ ਕਾਰਨ ਕਿਸਾਨਾਂ ਦੀ ਅਦਾਇਗੀ ਸਮੇਂ ਤੇ ਨਹੀਂ ਹੋ ਰਹੀ ਹੈ। ਇਹ ਪਹਿਲਾਂ ਹੀ ਆਤਮ ਹੱਤਿਆਵਾਂ ਦੇ ਪੈ ਚੁੱਕੇ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਹੋਰ ਵੱਧਾ ਰਹੀ ਹੈ। ਆਮ ਆਦਮੀ ਪਾਰਟੀ ਮੰਗ ਕਰਦੀ ਹੈ ਕਿ ਇਸ ਮੁੱਦੇ ਦੇ ਤੱਥ ਲੋਕਾਂ ਸਾਹਮਣੇ ਲਿਆਉਣ ਲਈ ਸੁਪਰੀਮ ਕੋਰਟ ਦੇ ਜੱਜ ਦੀ ਦੇਖ ਰੇਖ ਵਿਚ ਐਸਆਈਟੀ ਦਾ ਗਠਨ ਕੀਤਾ ਜਾਵੇ ਅਤੇ ਇਸ ਅਨਾਜ ਘੋਟਾਲੇ ਲਈ ਜਿਮੇਵਾਰ ਨੇਤਾਵਾਂ ਅਤੇ ਅਫਸਰਾਂ ਤੇ ਕਾਰਵਾਈ ਕਰਕੇ ਕਾਨੂੰਨ ਦੇ ਅਨੁਸਾਰ ਸਜਾ ਦਿੱਤੀ ਜਾਵੇ।
- ਕਿਸਾਨਾਂ ਨੂੰ ਉਨ੍ਹਾਂ ਦੇ ਕਣਕ ਦੀ ਅਦਾਇਗੀ ਘੱਟ ਤੋ ਘੱਟ ਸਮੇਂ ਵਿਚ ਕੀਤੀ ਜਾਵੇ। ਪੈਸੇ ਦੀ ਘਾਟ ਦੇ ਮੁੱਦੇ ਨੂੰ ਜਲਦ ਤੋਂ ਜਲਦ ਸੁਲਝਾਇਆ ਜਾਵੇ ਤਾਂ ਜੋ ਅਗਲੇ ਸੀਜਨ ਵਿਚ ਝੋਨੇ ਦੀ ਅਦਾਇਗੀ ਤੇ ਇਸਦਾ ਅਸਰ ਨਾ ਪਵੇ। ਸੈਕਟਰੀਆਂ ਜਾ ਕੈਬਿਨੇਟ ਸਬ ਕਮੇਟੀ ਦੁਆਰਾ ਅਨਾਜ ਦੇ ਸਟਾਕ ਦੇ ਮੇਲ ਦੀ ਘੋਖ ਹਰ ਰੋਜ ਕੀਤੀ ਜਾਵੇ।
- ਫਸਲ ਖਰਾਬ ਹੋ ਜਾਣ ਕਾਰਨ ਜਾਂ ਕਰਜ਼ੇ ਦੀ ਅਦਾਇਗੀ ਨਾ ਕਰ ਸਕਣ ਕਾਰਨ ਆਤਮ ਹੱਤਿਆ ਕਰਨ ਵਾਲੇ ਕਿਸਾਨ ਅਤੇ ਖੇਤ ਮਜਦੂਰ ਦੇ ਪਰਿਵਾਰ ਨੂੰ 15 ਲੱਖ ਦਾ ਮੁਆਵਜਾ ਦਿੱਤਾ ਜਾਵੇ। ਕਰਜ਼ੇ ਦੇ ਕੇਸਾਂ ਨੂੰ ਹਮਦਰਦੀ ਨਾਲ ਨਜਿਠਿਆ ਜਾਵੇ ਅਤੇ ਕਰਜ਼ੇ ਦੀ ਅਦਾਇਗੀ ਕਿਸਾਨ ਦੀ ਸਮਰਥਾ ਅਨੁਸਾਰ ਅੱਗੇ ਪਾ ਦਿੱਤੀ ਜਾਵੇ।
- ਕੁਦਰਤੀ ਆਫਤਾਂ ਕਰਕੇ ਜਾਂ ਸਰਕਾਰ ਦੀ ਅਣਗਹਿਲੀ ਕਾਰਨ ਖਰਾਬ ਹੋਈ ਫਸਲ ਲਈ ਕਿਸਾਨਾਂ ਨੂੰ ਮੁਆਵਜਾ ਦਿੱਤਾ ਜਾਵੇ। ਫਸਲ ਖਰਾਬ ਹੋਣ ਲਈ ਜਿਮੇਵਾਰੀ ਅਧਿਕਾਰੀਆਂ ਉਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ।
- ਨਸ਼ੇ ਦੇ ਕਾਰੋਬਾਰ ਲਈ ਜਿਮੇਵਾਰ ਬਿਕਰਮ ਸਿੰਘ ਮਜੀਠੀਆ ਨੂੰ ਤੁਰੰਤ ਗਿਰਫਤਾਰ ਕੀਤਾ ਜਾਵੇ ਕਿਉਂ ਜੋ ਨਸ਼ੇ ਦੇ ਤਸਕਰ ਅਤੇ ਸ਼੍ਰੋਮਣੀ ਅਕਾਲੀ ਦਲ ਜਿਲਾ ਅਮ੍ਰਿਤਸਰ ਦੇ ਖਜਾਨਚੀ ਬਿਟੂ ਔਲਖ, ਨਸ਼ੇ ਦੇ ਤਸ਼ਕਰ ਅਤੇ ਕੈਮਿਕਲ ਕੰਪਨੀ ਦੇ ਮਾਲਿਕ ਜਗਜੀਤ ਸਿੰਘ ਚਾਹਲ ਅਤੇ ਪੰਜਾਬ ਪੁਲਿਸ ਦੇ ਸਾਬਕਾ ਡੀਐਸਪੀ ਜਗਦੀਸ਼ ਸਿੰਘ ਭੋਲਾ ਨੇ ਪੁਛਗਿਛ ਦੌਰਾਨ ਕਿਹਾ ਕਿ ਪੰਜਾਬ ਵਿਚ ਨਸ਼ੇ ਦੇ ਕਾਰੋਬਾਰ ਨੂੰ ਪ੍ਰਫੁਲਿਤ ਕਰਨ ਲਈ ਬਿਕਰਮ ਸਿੰਘ ਮਜੀਠੀਆ ਜਿਮੇਵਾਰ ਹੈ।
- ਨਕਲੀ ਬੀਜ ਅਤੇ ਕੀਟਨਾਸ਼ਕ ਸਪਲਾਈ ਕਰਨ ਅਤੇ ਕਿਸਾਨਾਂ ਦੀ ਫਸਲ ਬਰਬਾਦ ਕਰਨ ਲਈ ਜਿਮੇਵਾਰ ਖੇਤੀ ਮੰਤਰੀ ਤੋਤਾ ਸਿੰਘ ਨੂੰ ਅਹੁਦੇ ਤੋਂ ਹਟਾ ਕੇ ਉਨ੍ਹਾਂ ਤੇ ਕਾਨੂੰਨ ਦੇ ਅਨੁਸਾਰ ਕਾਰਵਾਈ ਕੀਤੀ ਜਾਵੇ।
- ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇ-ਅਦਬੀ ਦੇ 7 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਇਸ ਘਿਣੋਨੇ ਕਾਰਜ ਜਿਮੇਵਾਰ ਦੋਸ਼ੀਆਂ ਨੂੰ ਫੜਨ ਵਿਚ ਨਾਕਾਮ ਰਹਿਣ ਤੇ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਦੀ ਨਿਖੇਧੀ ਕਰਦੀ ਹੈ। ਆਮ ਆਦਮੀ ਪਾਰਟੀ ਮੰਗ ਕਰਦੀ ਹੈ ਕਿ ਜਲਦ ਤੋਂ ਜਲਦ ਦੋਸ਼ੀਆਂ ਦੀ ਭਾਲ ਕਰਕੇ ਉਨ੍ਹਾਂ ਨੂੰ ਇਸ ਕਾਰਜ਼ ਲਈ ਜੇਲ ਵਿਚ ਸੁਟਿਆ ਜਾਵੇ।
- ਆਮ ਆਦਮੀ ਪਾਰਟੀ, ਪੰਜਾਬ ਮੰਗ ਕਰਦੀ ਹੈ ਕਿ ਸਰਕਾਰ ਅਤੇ ਨੇਤਾਵਾਂ ਦੀ ਮਿਲੀਭੁਗਤ ਨਾਲ ਹੋਏ 4500 ਕਰੋੜ ਦੇ ਅਨਾਜ ਵੰਡ ਘੋਟਾਲੇ ਦੀ ਜੁਡਿਸ਼ੀਅਲ ਜਾਂਚ ਕਰਵਾਈ ਜਾਵੇ।
- ਬਠਿੰਡਾ, ਫਿਰੋਜਪੁਰ ਅਤੇ ਫਾਜਿਲਕਾ ਦੇ ਉਨ੍ਹਾਂ ਖੇਤਰਾਂ ਵਿਚ ਜਿੱਥੇ ਧਰਤੀ ਹੇਠਲਾਂ ਪਾਣੀ ਪੀਣ ਯੋਗ ਨਹੀਂ ਹੈ ਉਥੇ ਸਾਫ ਪਾਣੀ ਲਈ ਆਰ.ਓ ਸਿਸਟਮ ਦਾ ਪ੍ਰਬੰਧ ਕੀਤਾ ਜਾਵੇ। ਜਿਹੜੇ ਪਿੰਡਾਂ ਵਿਚ ਪਹਿਲਾਂ ਤੋਂ ਆਰ.ਓ ਸਿਸਟਮ ਲੱਗੇ ਹੋਏ ਹਨ ਉਨ੍ਹਾਂ ਦੀ ਫੌਰੀ ਤੌਰ ਤੇ ਮੁਰਮੰਤ ਕੀਤੀ ਜਾਵੇ ਅਤੇ ਅੱਗੇ ਤੋਂ ਲਗਾਤਾਰ ਮੁਰਮੰਤ ਕਰਨ ਲਈ ਸਲਾਨਾ ਤੌਰ ਤੇ ਮਾਨਤਾ ਪ੍ਰਾਪਤ ਡੀਲਰ ਨੂੰ ਠੇਕਾ ਦਿੱਤਾ ਜਾਵੇ।
ਸੁੱਚਾ ਸਿੰਘ ਛੋਟੇਪੁਰ
ਕਨਵੀਨਰ
ਆਮ ਆਦਮੀ ਪਾਰਟੀ, ਪੰਜਾਬਉਤਾਰਾ ਪੱਤਰੀ
1. ਮਾਣਯੋਗ ਪ੍ਰਧਾਨ ਮੰਤਰੀ, ਭਾਰਤ ਸਰਕਾਰ
2. ਮਾਣਯੋਗ ਮੁੱਖ ਮੰਤਰੀ, ਪੰਜਾਬ ਸਰਕਾਰ