May 9, 2016 | By ਸਿੱਖ ਸਿਆਸਤ ਬਿਊਰੋ
ਬਠਿੰਡਾ: ਆਮ ਆਦਮੀ ਪਾਰਟੀ (ਆਪ) ਵੱਲੋਂ ਅੱਜ ਬਠਿੰਡਾ ਵਿਚ ਬੋਲਦਾ ਪੰਜਾਬ ਸਮਾਗਮ ਕਰਵਾਇਆ ਗਿਆ। ਇਹ ਲੜੀ ਆਪ ਨੇ ਚੋਣ ਮਨੋਰਥ ਪੱਤਰ ਤਿਆਰ ਕਰਨ ਲਈ ਪੰਜਾਬ ਦੇ ਵੱਖ-ਵੱਖ ਵਰਗਾਂ ਕੋਲੋਂ ਸਲਾਹਾਂ ਲੈਣ ਲਈ ਸ਼ੁਰੂ ਕੀਤੀ ਸੀ।
ਬੀਤੇ ਦਿਨ ਮਾਨਸਾ ਵਿਖੇ ਕਿਸਾਨਾਂ ਨਾਲ ਕੀਤੀ ਗਈ ਮਿਲਣੀ ਵਿਚ ਕੀਤੇ ਗਏ ਵਾਅਦਿਆਂ ਦੀ ਤਰਜ਼ ਉੱਤੇ ਹੀ ਆਮ ਆਦਮੀ ਪਾਰਟੀ ਬਠਿੰਡਾ ਵਿਖੇ ਵੀ ਕਿਸਾਨਾਂ ਨਾਲ ਕਈ ਅਹਿਮ ਵਾਅਦੇ ਕੀਤੇ ਹਨ।
ਅੱਜ ਆਪ ਵੱਲੋਂ ਜਾਰੀ ਕੀਤੇ ਗਏ ਇਕ ਲਿਖਤੀ ਬਿਆਨ ਵਿਚ ਕਿਹਾ ਗਿਆ ਹੈ ਕਿ: ਆਮ ਆਦਮੀ ਪਾਰਟੀ ਕਿਸਾਨਾਂ ਦੇ ਨਾਲ ਇਕਰਾਰ ਕਰਦੀ ਹੈ ਕਿ 2017 ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ ਪੰਜਾਬ ਵਿੱਚ ਬੀਜ ਮਾਫੀਆ ਅਤੇ ਕੀਟਨਾਸ਼ਕ ਮਾਫੀਆ ਸਮੇਤ ਹਰ ਪ੍ਰਕਾਰ ਦੇ ਮਾਫੀਆ ਨੂੰ ਕੁਚਲ ਦਿੱਤਾ ਜਾਵੇਗਾ। ਕਿਸਾਨਾਂ ਨੂੰ ਚੰਗਾ ਅਤੇ ਉੱਚ ਗੁਣਵੱਤਾ ਵਾਲੇ ਬੀਜ, ਖਾਦ ਅਤੇ ਕੀਟਨਾਸ਼ਕ ਭਰੋਸੇਯੋਗ ਹੋਣ, ਇਸਦੇ ਲਈ ਪੰਜਾਬ ਐਗਰੀਕਲਚਰ ਯੂਨੀਵਰਸਿਟੀ (ਪੀਏਯੂ) ਲੁਧਿਆਣਾ ਅਤੇ ਖੇਤੀਬਾੜੀ ਵਿਭਾਗ ਦੀ ਸਿੱਧੀ ਜ਼ਿੰਮੇਦਾਰੀ ਨਿਰਧਾਰਤ ਕਰੇਗੀ।
ਸੋਮਵਾਰ ਨੂੰ ਬਠਿੰਡੇ ਦੇ ਕੋਟ ਸ਼ਮੀਰ ਪਿੰਡ ਵਿਚ ਆਯੋਜਨ ‘ਬੋਲਦਾ ਪੰਜਾਬ’ ਪ੍ਰੋਗਰਾਮ ਦੌਰਾਨ ਇਹ ਵਾਅਦਾ ‘ਆਪ’ ਦਾ ਚੋਣ ਮਨੋਰਥ ਪੱਤਰ ਤਿਆਰ ਕਰ ਰਹੀ ਟੀਮ ਦੇ ਮੁੱਖੀ ਕੰਵਰ ਸੰਧੂ ਨੇ ਉੱਥੇ ਭਾਰੀ ਗਿਣਤੀ ਵਿੱਚ ਪੁੱਜੇ ਕਿਸਾਨਾਂ ਅਤੇ ਖੇਤ ਮਜਦੂਰਾਂ ਦੇ ਨਾਲ ਸਵਾਲ- ਜਵਾਬ ਕਰਦੇ ਹੋਏ ਕੀਤਾ। ਇਸ ਮੌਕੇ ਮੰਚ ਉੱਤੇ ਉਨ੍ਹਾਂ ਦੇ ਨਾਲ ਦਿੱਲੀ ਵਿੱਚ ਚੋਣ ਮਨੋਰਥ ਪੱਤਰ ਤਿਆਰ ਕਰਵਾਉਣ ਵਾਲੇ ‘ਦਿੱਲੀ ਡਾਇਲਾਗ ਕਮਿਸ਼ਨ’ ਦੇ ਚੇਅਰਮੈਨ ਅਸ਼ੀਸ਼ ਖੇਤਾਨ, ‘ਆਪ’ ਦੇ ਕਿਸਾਨ ਵਿੰਗ ਦੇ ਪ੍ਰਧਾਨ ਕੈਪਟਨ ਗੁਰਵਿੰਦਰ ਸਿੰਘ ਕੰਗ ਅਤੇ ‘ਬੋਲਦਾ ਪੰਜਾਬ’ ਟੀਮ ਦੀ ਮੈਂਬਰ ਚੰਦਰ ਸੁਤਾ ਡੋਗਰਾ ਵੀ ਮੌਜੂਦ ਸਨ।
ਪਾਰਟੀ ਵੱਲੌਂ ਜਾਰੀ ਕੀਤੇ ਗਏ ਬਿਆਨ ਵਿਚ ਕਿਹਾ ਗਿਆ ਹੈ ਕਿ ਕਿਸਾਨਾਂ ਅਤੇ ਖੇਤ ਮਜਦੂਰਾਂ ਦੇ ਰੂ ਬਰੂ ਹੋ ਕੇ ਕੰਵਰ ਸੰਧੂ ਨੇ ਕਿਹਾ, ‘ਤੁਹਾਡਾ ਹਰ ਸਵਾਲ ਅਤੇ ਹਰ ਸੁਝਾਅ ਆਮ ਆਦਮੀ ਪਾਰਟੀ ਦੇ ਚੋਣ ਮਨੋਰਥ ਪੱਤਰ ਦਾ ਆਧਾਰ ਬਣੇਗਾ। ਸਾਡਾ ਚੋਮ ਮਨੋਰਥ ਪੱਤਰ ਸਿਰਫ਼ ਇੱਕ ਦਸਤਾਵੇਜ਼ ਨਹੀਂ ਹੋਵੇਗਾ, ਸਾਡੀ ਪਾਰਟੀ ਲਈ ਇਹ ਤੁਹਾਡੇ ਨਾਲ ਕੀਤਾ ਲਿਖਤੀ ਇਕਰਾਰ ਨਾਮਾ ਹੈ, ਕਿਉਂਕਿ ਸਾਡੀ ਪਾਰਟੀ ਕਿਸਾਨਾਂ ਦੇ ਹਿੱਤਾਂ ਨੂੰ ਸੁਰੱਖਿਅਤ ਕਰਣ ਵਾਲੀ ਪਾਰਟੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਕਿਸਾਨਾਂ ਅਤੇ ਖੇਤ ਮਜਦੂਰਾਂ ਨੂੰ ਜਵਾਬ ਦੇਹੀ ਹੋਵੇਗੀ’।
ਕਰਜ ਅਤੇ ਕੈਂਸਰ ਪੀੜਿਤ ਪਰਿਵਾਰਾਂ ਦਾ ਹੱਥ ਫੜੇਗੀ ‘ਆਪ’ ਦੀ ਸਰਕਾਰ
ਕਿਸਾਨਾਂ ਦੀਆਂ ਸਮੱਸਿਆਵਾਂ, ਸਵਾਲਾਂ ਅਤੇ ਸੁਝਾਅ ਬਾਰੇ ‘ਆਪ’ ਦਾ ਪੱਖ ਰੱਖਦੇ ਹੋਏ ਕੰਵਰ ਸੰਧੂ ਨੇ ਕਿਹਾ ਪੀਏਯੂ ਦੇ ਰਿਸਰਚ ਅਤੇ ਡਿਵਲੇਪਮੈਂਟ ( ਆਰ ਐਂਡ ਡੀ ) ਉੱਤੇ ਵਿਸ਼ੇਸ਼ ਜੋਰ ਦਿੱਤਾ ਜਾਵੇਗਾ ਤਾਂ ਕਿ ਕਿਸਾਨਾਂ ਨੂੰ ਨਵੇਂ ਅਤੇ ਉੱਚ ਗੁਣਵੱਤਾ ਵਾਲੇ ਬੀਜ ਅਤੇ ਸੰਸਾਰ ਭਰ ਦੇ ਪੱਧਰ ਤੇ ਖੇਤੀਬਾੜੀ ਤਕਨੀਕਾਂ ਉਪਲੱਬਧ ਕਰਵਾਈ ਜਾਣ ਦੇ ਨਾਲ ਪਿੰਡ ਪੱਧਰ ਉੱਤੇ ਖੇਤੀਬਾੜੀ ਮਾਹਿਰ ਉਪਲੱਬਧ ਕਰਵਾਏ ਜਾਣਗੇ। ਕੋਲਡ ਸਟੋਰ ਚੇਨ ਸਮੇਤ ਮੰਡੀਕਰਣ ਸਿਸਟਮ ਨੂੰ ਧਰਾਤਲ ਪੱਧਰ ਤੇ ਮਜਬੂਤ ਕੀਤਾ ਜਾਵੇਗਾ, ਤਾਂ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਫਸਲਾਂ ਦਾ ਜ਼ਿਆਦਾ ਤੋਂ ਜ਼ਿਆਦਾ ਮੁੱਲ ਮਿਲ ਸਕੇ ਅਤੇ ਫਸਲੀ ਵਿਿਭੰਨਤਾ ਨੂੰ ਵੀ ਉਤਸਾਹਿਤ ਕੀਤਾ ਜਾ ਸਕੇ। ਕਿਸਾਨ ਅਤੇ ਖੇਤ ਮਜਦੂਰਾਂ ਦੇ ਬੱਚੀਆਂ ਨੂੰ ਚੰਗੀ ਸਿੱਖਿਆ ਲਈ ਸਰਕਾਰੀ ਸਕੂਲਾਂ ਨੂੰ ਦਿੱਲੀ ਦੀ ਤਰ੍ਹਾਂ ਪ੍ਰਾਈਵੇਟ ਸਕੂਲਾਂ ਤੋਂ ਵੀ ਬਿਹਤਰ ਬਣਾਇਆ ਜਾਵੇਗਾ ਅਤੇ ਦਿੱਲੀ ਦੀ ਤਰਜ ਉੱਤੇ ਹੀ ਪੰਜਾਬ ਦੇ ਪਿੰਡ – ਪਿੰਡ ਵਿੱਚ ਸਰਕਾਰੀ ਕਲੀਨਿਕ, ਡਾਕਟਰ, ਸਟਾਫ ਅਤੇ ਦਵਾਈਆਂ ਮੁੱਫਤ ਉਪਲੱਬਧ ਕਰਵਾਈ ਜਾਵੇਗੀ। ਸਰਕਾਰੀ ਹਸਪਤਾਲਾਂ ਵਿੱਚ ਹਰ ਇੱਕ ਟੈਸਟ, ਹਰ ਪ੍ਰਕਾਰ ਦਾ ਇਲਾਜ ਅਤੇ ਦਵਾਈਆਂ ਮੁੱਫਤ ਮਿਲੇਗੀ। ਕੈਂਸਰ ਦੇ ਰੋਗ ਨਾਲ ਪੀੜਿਤ ਪਰਿਵਾਰਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।
ਇੱਕ ਜਵਾਬ ਵਿੱਚ ਕੰਵਰ ਸੰਧੂ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਹਰ ਪਿੰਡ ਵਿੱਚ ਬੈਂਕ ਦੀ ਸਹੂਲਤ ਵੀ ਜਰੂਰੀ ਮੰਨਦੀ ਹੈ। ਹੇਠਾਂ ਡਿੱਗ ਰਹੇ ਭੂ-ਜਲ ਦੀ ਸਮੱਸਿਆ ਕਾਰਨ ਪ੍ਰਤੀ ਸਾਲ ਟਿਊਬਵੇਲਾਂ ਉੱਤੇ ਵੱਧਦੇ ਖਰਚ ਦਾ ਬੋਝ ਸਰਕਾਰ ਵੀ ਚੁੱਕੇ। ਕਿਸੇ ਕਿਸਾਨ ਦੀ ਜ਼ਮੀਨ ਦੀ ਕੁੜਕੀ ਨਹੀਂ ਹੋਵੇ। ਇਸਦੇ ਲਈ ਸਰ ਛੋਟੂ ਰਾਮ ਐਕਟ ਦੀ ਤਰਜ ਉੱਤੇ ਕਨੂੰਨ ਲਿਆਇਆ ਜਾਵੇਗਾ।
ਆਪ ਨੇ ਆਪਣੇ ਬਿਆਨ ਵਿਚ ਅੱਗੇ ਕਿਹਾ ਹੈ ਕਿ ਇਸ ਮੌਕੇ ਗੁਰਦੀਪ ਸਿੰਘ ਨੇ ਕਿਸਾਨਾਂ ਦੀ ਜੱਦੀ ਜ਼ਮੀਨ ਦੀ ਤਕਸੀਮ ਸਬੰਧੀ ਮੁਸ਼ਕਲਾਂ ਨੂੰ ਦੂਰ ਕਰਣ, ਦੁੱਧ ਵਿੱਚ ਮਿਲਾਵਟ ਰੋਕਣ ਅਤੇ ਛੋਟੇ ਕਿਸਾਨਾਂ ਨੂੰ ਮਨਰੇਗਾ ਯੋਜਨਾ ਵਿੱਚ ਸ਼ਾਮਿਲ ਕਰਣ ਦਾ ਸੁਝਾਅ ਦਿੱਤਾ ਅਤੇ ਤਰਮਾਲਾ ਦੇ ਨਿਰਭੈ ਸਿੰਘ ਨੇ ਜੈਵਿਕ ਖੇਤੀ ਨੂੰ ਉਤਸਾਹਿਤ ਕਰਣ, ਫਸਲਾਂ ਨੂੰ ਜੋਨਾਂ ਵਿੱਚ ਵੰਡਣ, ਪਿੰਡਾਂ ਵਿੱਚ ਖੇਤੀਬਾੜੀ ਮਾਹਿਰ ਉਪਲੱਬਧ ਕਰਣ, ਪਸ਼ੁਆਂ ਦੇ ਕਲੀਨਿਕ ਅਤੇ ਡਾਕਟਰਾਂ ਦੀ ਕਮੀ ਨੂੰ ਪੂਰਾ ਕਰਣ, ਸੋਲਰ ਊਰਜਾ ਨੂੰ ਮੁੱਫਤ ਕਰਣ, ਔਰਤਾਂ ਅਤੇ ਨੌਜਵਾਨਾਂ ਲਈ ਸਕਿਲ ਡਿਵਲੇਪਮਂੈਟ ਕੇਂਦਰ ਪਿੰਡ ਪੱਧਰ ਉੱਤੇ ਬਣਾਉਣ ਅਤੇ ਲਘੂ ਫੂਡ ਪ੍ਰੋਸਿੰਗ ਯੂਨਿਟ ਲਗਾਉਣ ਦੇ ਸੁਝਾਅ ਦਿੱਤੇ।
ਆਪ ਵੱਲੋਂ ਜਾਰੀ ਕੀਤੇ ਗਏ ਬਿਆਨ ਅਨੁਸਾਰ ਚਮਕੌਰ ਸਿੰਘ ਨੇ ਖੇਤੀਬਾੜੀ ਸਹਾਇਕ ਧੰਦੇ ਅਤੇ ਮੱਧੂ ਮੱਖੀ ਦੇ ਰੋਜਗਾਰ ਦੇ ਮੰਡੀਕਰਣ ਨੂੰ ਲਾਭਦਾਇਕ ਬਣਾਉਣ, ਲਖਰਾਜ ਸਿੰਘ ਨੇ ਹਰ ਕਿਸਾਨ ਨੂੰ ਗੰਨੇ ਦੀ ਖੇਤੀ ਅਤੇ ਹਰ ਜਿਲ੍ਹੇ ਵਿੱਚ ਸ਼ੂਗਰ ਮੀਲ ਸਥਾਪਤ ਕਰਣ ਦਾ ਸੁਝਾਅ ਦਿੱਤਾ। ਜਗਦੇਵ ਸਿੰਘ ਲਹਿਰਾ ਮੁਹੱਬਤ ਨੇ ਖੇਤਾਂ ਵਿੱਚ ਕੂੜੇ ਨੂੰ ਅੱਗ ਲਗਾਉਣ ਦੀ ਸਮੱਸਿਆ ਦੇ ਹੱਲ ਲਈ ਪ੍ਰਤੀ ਕੁਇੰਟਲ 100 ਰੁਪਏ ਬੋਨਸ ਉਪਲੱਬਧ ਕਰਣ ਅਤੇ ਕਨੂੰਨ ਨੂੰ ਸਖਤੀ ਨਾਲ ਲਾਗੂ ਕਰਣ ਨੂੰ ਕਿਹਾ, ਜਦੋਂ ਕਿ ਅਵਤਾਰ ਸਿੰਘ ਨੇ ਡਾ. ਸਵਾਮੀਨਾਥਨ ਦੀ ਰਿਪੋਰਟ ਨੂੰ ਲਾਗੂ ਕਰਨਾ ਹੀ ਕਿਸਾਨੀ ਸੰਕਟ ਦਾ ਹੱਲ ਦੱਸਿਆ।
ਬਿਆਨ ਅਨੁਸਾਰ ਦਰਸ਼ਨ ਸਿੰਘ ਰਾਮਗੜ ਭੂੰਦੜ ਨੇ ਛੋਟੇ ਕਿਸਾਨਾਂ ਨੂੰ ਮੋਟਰ ਕਨੈਕਸ਼ਨ ਅਤੇ ਹੋਰ ਸਮੱਗਰੀਆਂ ਲਈ ਇੱਕਠੇ ਹੋ ਕੇ ਲੈਣਾ ਚਾਹੀਦਾ ਹੈ। ਜਦੋਂ ਕਿ ਸੁਖਜੀਤ ਸਿੰਘ ਨੇ ਕੈਂਸਰ ਤੋਂ ਪੀੜਿਤ ਕਿਸਾਨ ਅਤੇ ਖੇਤ ਮਜਦੂਰਾਂ ਦਾ ਹੱਥ ਫੜਨ ਦੀ ਗੱਲ ਕੀਤੀ। ਗੁਰਪ੍ਰੀਤ ਸਿੰਘ ਮੌੜ ਖੁਰਦ ਨੇ ਕਿਸਾਨਾਂ ਨੂੰ ਕਰਜ ਤੋਂ ਅਜ਼ਾਦ ਕਰਨ ਦਾ ਮੁੱਦਾ ਚੁੱਕਿਆ।
ਇਸ ਮੌਕੇ ‘ਆਪ’ ਨੇਤਾ ਅਸ਼ੀਸ਼ ਖੇਤਾਨ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਾ ਮੰਨਣਾ ਹੈ ਕਿ ਕਿਸਾਨ ਨੂੰ ਬਚਾਉਣ ਲਈ ਉਸਨੂੰ ਇੱਕ ਵਾਰ ਕਰਜ਼ ਦੇ ਚੱਕਰ ਵਿਚੋਂ ਕੱਢਣਾ ਹੀ ਹੋਵੇਗਾ। ਇਹ ਕਿਵੇਂ ਸੰਭਵ ਹੋਵੇਗਾ ਇਸ ਉੱਤੇ ਵਿਚਾਰ-ਚਰਚਾ ਚੱਲ ਰਹੀ ਹੈ । ਖੇਤਾਨ ਨੇ ਕਿਹਾ ਕਿ ਪੰਜਾਬ ਦੇ ਕੋਲ ਕਿਸੇ ਹੋਰ ਰਾਜ ਨੂੰ ਦੇਣ ਲਈ ਪਾਣੀ ਨਹੀਂ ਹੈ। ਚੋਣਾਂ ਤੋਂ ਠੀਕ ਪਹਿਲਾਂ ਬਾਦਲਾਂ ਨੇ ਐਸ ਵਾਈ ਐਲ ਦਾ ਮੁੱਦਾ ਜਾਣਬੁੱਝ ਕੇ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਕੇਂਦਰ, ਹਰਿਆਣਾ ਅਤੇ ਪੰਜਾਬ ਵਿੱਚ ਅਕਾਲੀ – ਭਾਜਪਾ ਦੀ ਸਰਕਾਰ ਹੈ, ਜੇਕਰ ਇਹਨਾਂ ਦੀ ਨੀਅਤ ਸਾਫ਼ ਹੁੰਦੀ ਤਾਂ ਇਹ ਤਿੰਨ ਘੰਟੀਆਂ ਵਿੱਚ ਇਸ ਮਸਲੇ ਨੂੰ ਸੁਲਝਾ ਸੱਕਦੇ ਸੀ।
ਅਸ਼ੀਸ਼ ਖੇਤਾਨ ਨੇ ਇਸ ਮੌਕੇ ਦਿੱਲੀ ਸਰਕਾਰ ਦੀ ਇੱਕ ਸਾਲ ਦੀਆਂ ਉਪਲੱਬਧੀਆਂ ਨੂੰ ਪ੍ਰੋਜੈਕਟਰ ਉੱਤੇ ਵਿਖਾਇਆ। ਇਸ ਮੌਕੇ ਕਰੀਬ ਤਿੰਨ ਸੌ ਕਿਸਾਨਾਂ ਅਤੇ ਖੇਤ ਮਜਦੂਰਾਂ ਨੇ ਆਪਣੇ ਸੁਝਾਅ ਅਤੇ ਸਮੱਸਿਆਵਾਂ ਲਿਖਤੀ ਰੂਪ ਵਿੱਚ ਦਿੱਤੀ।
Related Topics: Aam Aadmi Party, Kanwar Sandhu, Punjab Dialogue – Bolda Punjab, Punjab Politics, Punjab Polls 2017