ਚੰਡੀਗੜ੍ਹ (26 ਨਵੰਬਰ, 2015): ਪੰਜਾਬ ਦੇ ਲੋਕਾਂ ਵੱਲੋਂ ਆਮ ਆਦਮੀ ਪਾਰਟੀ ਨੂੰ ਭਰਪੂਰ ਹੁੰਗਾਰਾ ਮਿਲ ਰਿਹਾ ਹੈ ਅਤੇ ਪਾਰਟੀ ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ‘ਤੇ ਆਪਣੇ ਉਮੀਦਵਾਰ ਉਤਰੇਗੀ । ਇਸ ਗੱਲ ਦਾ ਪ੍ਰਗਟਾਵਾ ਅੱਜ ਇੱਥੇ ਪੰਜਾਬ ਦੇ ਕਨਵੀਨਰ ਸ. ਸੁੱਚਾ ਸਿੰਘ ਛੋਟੇਪੁਰ ਨੇ ਕੀਤਾ ।
ਆਮ ਆਦਮੀ ਪਾਰਟੀ (ਆਪ), ਪੰਜਾਬ ਵੱਲੋਂ ਅੱਜ ਇਥੇ ਲਾਅ ਭਵਨ ਵਿਖੇ ‘ਸੰਵਿਧਾਨ ਦੀ ਮਹੱਤਤਾ’ ਉਪਰ ਕਰਵਾਏ ਸੈਮੀਨਾਰ ਦੌਰਾਨਉਨ੍ਹਾਂ ਐਲਾਨ ਕੀਤਾ ਕਿ ਪਾਰਟੀ ਸਾਲ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਦਿੱਲੀ ਦੀ ਜਿੱਤ ਵਾਲਾ ਇਤਿਹਾਸ ਦੁਹਰਾਏਗੀ।
ਛੋਟੇਪੁਰ ਨੇ ਕਿਹਾ ਕਿ ਅੱਜ ਉਨ੍ਹਾਂ ਨੂੰ ਪੰਜਾਬ ਦੀ ਪੀੜ੍ਹਾ ਸਮਝਣ ਵਾਲੀਆਂ 117 ਸ਼ਖ਼ਸੀਅਤਾਂ ਦੀ ਲੋੜ ਹੈ ਕਿਉਂਕਿ ਅਕਾਲੀ ਦਲ ਤੇ ਕਾਂਗਰਸ ਇਕੋ ਸਿੱਕੇ ਦੇ ਦੋ ਪਾਸੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬੰਦੂਕਾਂ ਦੀ ਛਾਂ ਹੇਠ ਸੰਗਤ ਦਰਸ਼ਨ ਕਰਕੇ ਹਕੀਕਤ ਤੋਂ ਅੱਖਾਂ ਮੀਚ ਰਹੇ ਹਨ। ਪਾਰਟੀ ਦੀ ਤੀਜੀ ਵਰ੍ਹੇਗੰਢ ਮੌਕੇ ਕਰਵਾਏ ਸਮਾਗਮ ਵਿਚ ਪੰਜਾਬ ਦੇ ਕੋਨੇ ਕੋਨੇ ਤੋਂ ਪਾਰਟੀ ਵਰਕਰ ਅਤੇ ਆਗੂਆਂ ਨੇ ਭਾਗ ਲਿਆ।
ਇਸ ਮੌਕੇ ਦੁਰਗੇਸ਼ ਪਾਠਕ ਸਹਿ ਪ੍ਰਭਾਰੀ, ਆਮ ਆਦਮੀ ਪਾਰਟੀ ਪੰਜਾਬ, ਸ. ਹਿੰਮਤ ਸਿੰਘ ਸ਼ੇਰਗਿੱਲ ਮੁਖੀ ਲੀਗਲ ਸੈੱਲ, ਸ. ਹਰਜੋਤ ਸਿੰਘ ਬੈਂਸ ਮੁਖੀ ਯੂਥ ਵਿੰਗ ਪੰਜਾਬ, ਪ੍ਰੋ: ਬਲਜਿੰਦਰ ਕੌਰ ਮੁਖੀ ਮਹਿਲਾ ਵਿੰਗ ਪੰਜਾਬ ਤੇ ਰਾਮ ਰਤਨ ਭਾਰਦਵਾਜ ਨੇ ਵੀ ਸੰਬੋਧਨ ਕੀਤਾ।