October 1, 2014 | By ਸਿੱਖ ਸਿਆਸਤ ਬਿਊਰੋ
ਪਟਿਆਲਾ (1 ਅਕਤੂਬਰ 2014) : ਪਿਛਲੇ ਦਿਨੀ ਲੁਧਿਆਣਾ ਵਿੱਚ ਖੰਨਾ ਪੁਲਿਸ ਵੱਲੋਂ ਫਰਜ਼ੀ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਦੋ ਸਕੇ ਭਰਾਵਾਂ ਦੇ ਮਾਮਲੇ ਵਿੱਚ ਪਟਿਆਲਾ ਵਿੱਚ ਧਰਨੇ ਨੂੰ ਸੰਬੋਧਨ ਕਰਦਿਆਂ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਬਾਦਲ ਸਰਕਾਰ ਪੰਜਾਬ ਨੂੰ ਬਿਹਾਰ ਦੀ ਤਰਜ਼ ‘ਤੇ ਜ਼ੁਰਮ ਦਰ ਵਧਾ ਕੇ ਤਰੱਕੀ ਦੀਆਂ ਐਸੀਆਂ ਲੀਹਾਂ ‘ਤੇ ਲਿਜਾ ਰਹੀ ਹੈ ਜਿਸ ਵਿੱਚ ਬੇਕਸੂਰ ਲੋਕਾਂ ਨੂੰ ਸ਼ਰੇਆਮ ਗੂੰਡਿਆਂ ਜਾਂ ਫਿਰ ਪੁਲਿਸ ਹੱਥੋਂ ਮਾਰ ਦਿੱਤਾ ਜਾਂਦਾ ਹੈ।
ਉਨਾਂ ਆਖਿਆ ਕਿ ਲੁਧਿਆਣਾ ਦੀ ਆਹਲੂਵਾਲੀਆ ਕਾਲੌਨੀ ‘ਚ ਹੋਏ ਫਰਜ਼ੀ ਪੁਲਿਸ ਮੁਕਾਬਲੇ ਨੇ ਪੰਜਾਬ ਪੁਲਿਸ ਤੇ ਸਰਕਾਰ ਦਾ ਅਸਲੀ ਚਿਹਰਾ ਨੰਗਾ ਕਰ ਦਿੱਤਾ ਹੈ। ਪੰਜਾਬ ਵਿੱਚ ਜ਼ੁਰਮ ਦਰ ਵਧਦੀ ਜਾ ਰਹੀ ਹੈ ਜਿਸਨੂੰ ਬਾਦਲ ਸਰਕਾਰ ਘਟਾਉਣ ਵਿੱਚ ਤੇ ਲੋਕਾਂ ਦੀ ਜਾਨ ਦੀ ਰਾਖੀ ਕਰਨ ਵਿੱਚ ਬੁਰੀ ਤਰਾਂ ਅਸਫਲ ਰਹੀ ਹੈ।
ਲੁਧਿਆਣਾ ਦੀ ਆਹਲੂਵਾਲੀਆ ਕਾਲੌਨੀ ‘ਚ ਪਿਛਲੇ ਦਿਨੀਂ ਹੋਏ ਫਰਜ਼ੀ ਪੁਲਿਸ ਮੁਕਾਬਲੇ ‘ਚ ਮਾਰੇ ਗਏ ਦੋ ਸਕੇ ਭਰਾਵਾਂ ਦੇ ਮਾਮਲੇ ‘ਚ ਸੀ.ਬੀ.ਆਈ ਜਾਂਚ ਦੀ ਮੰਗ ਅਤੇ ਐਸ.ਐਸ.ਪੀ ਸਮੇਤ ਸਾਰੇ ਦੋਸ਼ੀ ਅਫਸਰਾਂ ਖਿਲਾਫ ਕਤਲ ਦਾ ਮੁਕੱਦਮਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਪਟਿਆਲਾ ਦੇ ਮਿੰਨੀ ਸਕੱਤਰੇਤ ਵਿਖੇ ਲੋਕ ਸਭਾ ‘ਚ ਆਮ ਆਦਮੀ ਪਾਰਟੀ ਦੇ ਲੀਡਰ ਤੇ ਪਟਿਆਲਾ ਦੇ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਧਰਨਾ ਦਿੱਤਾ ਗਿਆ।
ਜਮਾਲਪੁਰ ਵਿਖੇ ਪੁਲਿਸ ਵੱਲੋਂ ਫਰਜ਼ੀ ਮੁਕਾਬਲੇ ‘ਚ ਮਾਰੇ ਗਏ ਹਰਿੰਦਰ ਸਿੰਘ ਉਰਫ ਲਾਲੀ ਤੇ ਜਤਿੰਦਰ ਸਿੰਘ ਉਰਫ ਗੋਲਡੀ ਨਾਮ ਦੇ ਦੋ ਸਕੇ ਭਰਾਵਾਂ ਦਾ ਕਸੂਰ ਸਿਰਫ ਐਨਾ ਹੀ ਸੀ ਕਿ ਉਹਨਾਂ ਨੇ ਚੋਣਾਂ ‘ਚ ਆਮ ਆਦਮੀ ਪਾਰਟੀ ਦੀ ਮੱਦਦ ਕੀਤੀ ਸੀ ਅਤੇ ਜੇਕਰ ਪੰਜਾਬ ਅੰਦਰ ਅਕਾਲੀ ਆਗੂਆਂ ਦੀ ਸ਼ਹਿ ‘ਤੇ ਪੁਲਿਸ ਸ਼ਰੇਆਮ ਲੋਕਤੰਤਰ ਦਾ ਘਾਣ ਕਰ ਰਹੀ ਹੈ ਜਿਸਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਢਾ. ਗਾਧੀ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਦੇ ਹੱਕਾਂ ਦੀ ਰਖਵਾਲੀ ਲਈ ਵਚਨਬੱਧ ਹੈ ਤਾਂ ਇਸ ਮਾਮਲੇ ਦੀ ਸੀ.ਬੀ.ਆਈ ਜਾਂਚ ਕਰਵਾਈ ਜਾਵੇ ਅਤੇ ਇਸ ਮਾਮਲੇ ‘ਚ ਸੰਬੰਧਤ ਐਸ.ਐਸ.ਪੀ ਸਮੇਤ ਦੋਸ਼ੀ ਸਾਰੇ ਪੁਲਿਸ ਮੁਲਾਜ਼ਮਾਂ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਗ੍ਰਿਫਤਾਰ ਕੀਤਾ ਜਾਵੇ ਅਤੇ ਜੇਕਰ ਪੰਜਾਬ ਸਰਕਾਰ ਵੱਲੋਂ ਸਾਰੇ ਦੋਸ਼ੀਆਂ ਖਿਲਾਫ ਉੱਚਿਤ ਕਾਰਵਾਈ ਨਾ ਕੀਤੀ ਗਈ ਤਾਂ ਆਮ ਆਦਮੀ ਪਾਰਟੀ ਵੱਲੋਂ ਸਰਕਾਰ ਖਿਲਾਫ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਉਪਰੰਤ ਡਾ. ਧਰਮਵੀਰ ਗਾਂਧੀ ਅਤੇ ‘ਆਪ’ ਦੇ ਵਰਕਰਾਂ ਨੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਵਰੁਨ ਰੁਜ਼ਮ ਨੂੰ ਮੰਗ ਪੱਤਰ ਦਿੱਤਾ।
Related Topics: Aam Aadmi Party, Badal Dal, Fake Encounter, Ludhiana Fake Encounter 2014, Punjab Police, Sucha Singh Chhotepur