September 22, 2016 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਵਿਜੈ ਸਾਂਪਲਾ ਦਾ ਕਹਿਣਾ ਹੈ ਕਿ ਕਾਂਗਰਸ ਸਮੇਤ ਹੋਰਨਾਂ ਖੇਤਰੀਆਂ ਪਾਰਟੀਆਂ ਵਿਚਲੇ ਪਰਿਵਾਰਵਾਦ ਦੀ ਭਾਵੇਂ ਭਾਜਪਾ ਕੱਟੜ ਵਿਰੋਧੀ ਹੈ ਪਰ ਪੰਜਾਬ ਵਿੱਚ ਅਕਾਲੀ ਦਲ ਬਾਦਲ ਦੇ ਪਰਿਵਾਰਵਾਦ ਨੂੰ ਸਵੀਕਾਰ ਕਰਨ ਵਿੱਚ ਕੋਈ ਦਿੱਕਤ ਨਹੀਂ ਹੈ।
ਕੱਲ੍ਹ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਾਂਪਲਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਇੱਕ ‘ਕਾਬਲ ਸਿਆਸਤਦਾਨ’ ਵਜੋਂ ਸਥਾਪਤ ਹੋ ਚੁੱਕੇ ਹਨ, ਜਿਸ ਕਰਕੇ ਭਾਜਪਾ ਅਕਾਲੀਆਂ ਨਾਲ ਸਾਂਝ ਬਣਾਈ ਰੱਖਣਾ ਚਾਹੁੰਦੀ ਹੈ ਅਤੇ ਬਾਦਲ ਕੁਨਬੇ ਦਾ ਵਿਰੋਧ ਨਹੀਂ ਕਰਦੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਾਂਗਰਸ, ਇੰਡੀਅਨ ਨੈਸ਼ਨਲ ਲੋਕ ਦਲ ਅਤੇ ਨੈਸ਼ਨਲ ਕਾਨਫਰੰਸ ਆਦਿ ਪਾਰਟੀਆਂ ਵਿਚਲੇ ਪਰਿਵਾਰਵਾਦ ਖਿਲਾਫ਼ ਚਲਾਈ ਮੁਹਿੰਮ ਸਬੰਧੀ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕਾਂਗਰਸ ਵਿੱਚ ਰਾਹੁਲ ਗਾਂਧੀ ਨੂੰ ਮੂਹਰੇ ਲਾਕੇ ਹੋਰਨਾਂ ਕਾਬਲ ਆਗੂਆਂ ਨੂੰ ਪਿਛਾਂਹ ਧੱਕਿਆ ਹੈ, ਉਸ ਦਾ ਭਾਜਪਾ ਵੱਲੋਂ ਵਿਰੋਧ ਕੀਤਾ ਜਾਂਦਾ ਹੈ।
ਸਾਂਪਲਾ ਨੇ ਕਿਹਾ ਕਿ ਪੰਜਾਬ ਦੀਆਂ ਆਉਂਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਡੇਰਿਆਂ ਦੀ ਹਮਾਇਤ ਲੈਣ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਡੇਰਿਆਂ ਨਾਲ ਲੋਕਾਂ ਦੀ ਸ਼ਰਧਾ ਜੁੜੀ ਹੁੰਦੀ ਹੈ ਤੇ ਭਾਜਪਾ ਵੋਟਾਂ ਹਾਸਲ ਕਰਨ ਲਈ ਧਾਰਮਿਕ ਆਗੂਆਂ ਤੱਕ ਪਹੁੰਚ ਕਰੇਗੀ।
ਭਾਜਪਾ ਦੇ ਪੰਜਾਬ ਪ੍ਰਧਾਨ ਨੇ ਦੱਸਿਆ ਕਿ ਪਹਿਲੀ ਅਕਤੂਬਰ ਤੋਂ ਤਿੰਨ ਅਕਤੂਬਰ ਤੱਕ ਪਠਾਨਕੋਟ ਵਿੱਚ ਤਿੰਨ ਰੋਜ਼ਾ ਸੂਬਾ ਕਾਰਜਕਰਨੀ ਦੀ ਮੀਟਿੰਗ ਹੋਵੇਗੀ। ਇਸ ਮੀਟਿੰਗ ਵਿੱਚ ਚੋਣ ਰਣਨੀਤੀ ਤੈਅ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕਾਲੀਕਟ (ਕੇਰਲਾ) ’ਚ ਹੋਣ ਵਾਲੀ ਕੌਮੀ ਕਾਰਜਕਰਨੀ ਦੀ ਮੀਟਿੰਗ ’ਚ ਪੰਜਾਬ ਦੇ 31 ਮੈਂਬਰ ਹਿੱਸਾ ਲੈਣਗੇ। ਵਿਧਾਨ ਸਭਾ ਚੋਣਾਂ ਦੌਰਾਨ ਭਾਈਵਾਲ ਪਾਰਟੀ ਅਕਾਲੀ ਦਲ ਨਾਲ ਹਲਕਿਆਂ ਦੀ ਤਬਦੀਲੀ ਸਬੰਧੀ ਉਨ੍ਹਾਂ ਕਿਹਾ ਕਿ ਫਿਲਹਾਲ ਕੁਝ ਵੀ ਤੈਅ ਨਹੀਂ ਪਰ ਲੋੜ ਮੁਤਾਬਕ ਤਬਦੀਲੀ ਕੀਤੀ ਜਾ ਸਕਦੀ ਹੈ।
Related Topics: Badal Dal, Punjab BJP, Punjab Politics, Punjab Polls 2017, sukhbir singh badal, Vijay Sampla