ਸਿਆਸੀ ਖਬਰਾਂ

ਸਟਿੰਗ ਅਪਰੇਸ਼ਨ: ਛੋਟੇਪੁਰ ਨੂੰ ਬਖ਼ਸ਼ਣ ਦੇ ਰੌਂਅ ਵਿੱਚ ਨਹੀਂ ਆਮ ਆਦਮੀ ਪਾਰਟੀ

August 25, 2016 | By

ਚੰਡੀਗੜ੍ਹ: ਸੁੱਚਾ ਸਿੰਘ ਛੋਟੇਪੁਰ ਇੱਕ ਸਟਿੰਗ ਅਪਰੇਸ਼ਨ ਵਿੱਚ ਫਸ ਗਏ ਹਨ ਅਤੇ ਉਨ੍ਹਾਂ ਦੀ ਕਿਸੇ ਵੇਲੇ ਵੀ ਪਾਰਟੀ ਵਿੱਚੋਂ ਛੁੱਟੀ ਹੋ ਸਕਦੀ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਅਰਵਿੰਦ ਕੇਜਰੀਵਾਲ ਸਮੇਤ ਸਿਆਸੀ ਮਾਮਲਿਆਂ ਦੀ ਕਮੇਟੀ (ਪੀਏਸੀ) ਦੇ ਮੈਂਬਰਾਂ ਵੱਲੋਂ ਸਟਿੰਗ ਅਪਰੇਸ਼ਨ ਦੀ ਹਾਸਲ ਹੋਈ ਵੀਡੀਓ ਦੀ ਘੋਖ ਕਰ ਲਈ ਗਈ ਹੈ ਅਤੇ ਛੋਟੇਪੁਰ ਨੂੰ ਕਿਸੇ ਵੇਲੇ ਵੀ ਪਾਰਟੀ ਵਿੱਚੋਂ ਕੱਢਣ ਦਾ ਫ਼ੈਸਲਾ ਲਿਆ ਜਾ ਸਕਦਾ ਹੈ।

ਸੁੱਚਾ ਸਿੰਘ ਛੋਟੇਪੁਰ

ਸੁੱਚਾ ਸਿੰਘ ਛੋਟੇਪੁਰ

ਸੂਤਰਾਂ ਅਨੁਸਾਰ ਪਿਛਲੇ ਦਿਨੀਂ ਜ਼ਿਲ੍ਹਾ ਬਠਿੰਡਾ ਨਾਲ ਸਬੰਧਿਤ ਪਾਰਟੀ ਦੇ ਇੱਕ ਕਾਰਜਕਰਤਾ ਨੇ ‘ਆਪ’ ਦੀ ਕੇਂਦਰੀ ਲੀਡਰਸ਼ਿਪ ਨੂੰ ਸਟਿੰਗ ਅਪਰੇਸ਼ਨ ਦੀ ਇੱਕ ਵੀਡੀਓ ਸੌਂਪੀ ਸੀ। ਇਸ ਵਿੱਚ ਵਾਲੰਟੀਅਰ ਇੱਕ ਪੈਕਟ ਛੋਟੇਪੁਰ ਨੂੰ ਮੁਹੱਈਆ ਦਿੰਦਾ ਨਜ਼ਰ ਆ ਰਿਹਾ ਹੈ। ਇਸ ਦੌਰਾਨ ਛੋਟੇਪੁਰ ਅਤੇ ਸਟਿੰਗ ਅਪਰੇਸ਼ਨ ਕਰਨ ਵਾਲੇ ਵਿਅਕਤੀ ਦੀ ਆਵਾਜ਼ ਵੀ ਰਿਕਾਰਡ ਹੋਈ ਹੈ। ਦੋਵਾਂ ਵਿਚਾਲੇ ਹੋਈ ਗੱਲਬਾਤ ਪੀਏਸੀ ਦੇ ਮੈਂਬਰਾਂ ਨੇ ਸੁਣੀ ਹੈ, ਜਿਸ ਵਿੱਚ ਸਰਕਾਰ ਬਣਨ ਤੋਂ ਬਾਅਦ ਕੋਈ ਅਹੁਦਾ ਦੇਣ ਦੀ ਗੱਲ ਹੋ ਰਹੀ ਹੈ। ਸੂਤਰਾਂ ਅਨੁਸਾਰ ਪੀਏਸੀ ਨੇ ਇਸ ਵੀਡੀਓ ਉਪਰ ਕਈ ਦੌਰ ਦੀਆਂ ਮੀਟਿੰਗਾਂ ਕਰਨ ਉਪਰੰਤ ਸਿੱਟਾ ਕੱਢਿਆ ਹੈ ਕਿ ਛੋਟੇਪੁਰ ਨੇ ਦੋ ਲੱਖ ਰੁਪਏ ਹਾਸਲ ਕੀਤੇ ਹਨ।

ਕੇਜਰੀਵਾਲ ਨੂੰ ਵੀਡੀਓ ਦਿਖਾਈ ਗਈ ਤਾਂ ਉਹ ਭੜਕ ਉਠੇ ਅਤੇ ਇਸੇ ਕਾਰਨ ਉਹ ਪਿਛਲੇ ਕਈ ਦਿਨਾਂ ਤੋਂ ਛੋਟੇਪੁਰ ਨੂੰ ਮਿਲਣ ਦਾ ਸਮਾਂ ਨਹੀਂ ਦੇ ਰਹੇ। ਇਸ ਤੋਂ ਬਾਅਦ ‘ਆਪ’ ਦੇ ਸੀਨੀਅਰ ਆਗੂ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਛੋਟੇਪੁਰ ਨੂੰ ਦਿੱਲੀ ਸੱਦ ਕੇ ਇਸ ਬਾਬਤ ਗੱਲਬਾਤ ਕੀਤੀ ਹੈ। ਦੱਸਣਯੋਗ ਹੈ ਕਿ ਜਦੋਂ ਪਾਰਟੀ ਨੇ 19 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ ਤਾਂ ਛੋਟੇਪੁਰ ਰੋਸ ਵਜੋਂ ਇਸ ਪ੍ਰੈਸ ਕਾਨਫਰੰਸ ਵਿੱਚ ਸ਼ਾਮਲ ਨਹੀਂ ਹੋਏ ਸਨ ਅਤੇ ਉਨ੍ਹਾਂ ਨੇ ਕੁਝ ਉਮੀਦਵਾਰਾਂ ’ਤੇ ਉਂਗਲ ਉਠਾਉਂਦਿਆਂ ਐਲਾਨ ਕੀਤਾ ਸੀ ਕਿ ਉਹ ਆਪਣੇ ਇਤਰਾਜ਼ ਕੇਜਰੀਵਾਲ ਕੋਲ ਰੱਖਣਗੇ। ਕੇਜਰੀਵਾਲ ਨੇ ਛੋਟੇਪੁਰ ਵੱਲੋਂ ਵਾਰ-ਵਾਰ ਸਮਾਂ ਮੰਗਣ ਦੇ ਬਾਵਜੂਦ ਕੋਈ ਹੁੰਗਾਰਾ ਨਹੀਂ ਦਿੱਤਾ। ਪਾਰਟੀ ਸੂਤਰਾਂ ਮੁਤਾਬਕ ਭਾਵੇਂ ਪੀਏਸੀ ਦੇ ਮੈਂਬਰਾਂ ਨੂੰ ਇਸ ਸਟਿੰਗ ਅਪਰੇਸ਼ਨ ਦਾ ਕਈ ਦਿਨ ਪਹਿਲਾਂ ਹੀ ਪਤਾ ਲੱਗ ਗਿਆ ਸੀ ਪਰ ਉਹ ਪਾਰਟੀ ਦੀ ਬਦਨਾਮੀ ਦੇ ਡਰੋਂ ਇਸ ਮੁੱਦੇ ਨੂੰ ਦੱਬੀ ਬੈਠੇ ਸਨ ਪਰ ਪਿਛਲੇ ਦਿਨੀਂ ਇਸ ਸਟਿੰਗ ਅਪਰੇਸ਼ਨ ਦੀ ਵੀਡੀਓ ਲੀਕ ਹੋਣ ਤੋਂ ਬਾਅਦ ਪਾਰਟੀ ਹਰਕਤ ਵਿੱਚ ਆਈ ਹੈ। ਪਾਰਟੀ ਹਲਕਿਆਂ ਵਿੱਚ ਚਰਚਾ ਚੱਲ ਪਈ ਹੈ ਕਿ ਛੋਟੇਪੁਰ ਦੀ ਛਾਂਟੀ ਕਰਨ ਦੀ ਸੂਰਤ ਵਿੱਚ ਪੰਜਾਬ ਇਕਾਈ ਦੇ ਕਨਵੀਨਰ ਦੀ ਜ਼ਿੰਮੇਵਾਰੀ ਕਾਨੂੰਨੀ ਸੈੱਲ ਦੇ ਮੁਖੀ ਅਤੇ ਮੁਹਾਲੀ ਤੋਂ ਪਾਰਟੀ ਦੇ ਉਮੀਦਵਾਰ ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ ਨੂੰ ਦਿੱਤੀ ਜਾ ਸਕਦੀ ਹੈ।

ਦੂਜੇ ਪਾਸੇ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਉਹ ਖੁੱਲ੍ਹੀ ਕਿਤਾਬ ਹਨ ਅਤੇ ਹਮੇਸ਼ਾ ਆਪਣੇ ਹੱਥੀਂ ਸਿੰਜੀ ਪਾਰਟੀ ਦੀ ਸੁੱਖ ਹੀ ਮੰਗਣਗੇ। ਉਨ੍ਹਾਂ ਕਿਹਾ ਕਿ ਸਿਸੋਦੀਆ ਨੂੰ ਉਹ ਖ਼ੁਦ ਹੀ ਮਿਲਣ ਗਏ ਸਨ ਅਤੇ ਅਜਿਹੀ ਕੋਈ ਗੱਲਬਾਤ ਨਹੀਂ ਹੋਈ। ਉਨ੍ਹਾਂ ਕਿਹਾ ਕਿ ਪਾਰਟੀ ਫੰਡ ਹਰੇਕ ਪਾਰਟੀ ਦੇ ਆਗੂ ਲੈਂਦੇ ਹਨ। ਉਂਜ ਵੀ ਉਨ੍ਹਾਂ ਨੂੰ ਟਿਕਟਾਂ ਵੰਡਣ ਦਾ ਕੋਈ ਅਧਿਕਾਰ ਨਹੀਂ ਹੈ, ਜਿਸ ਕਾਰਨ ਕੋਈ ਉਨ੍ਹਾਂ ਨੂੰ ਪੈਸੇ ਕਿਉਂ ਦੇਵੇਗਾ। ਛੋਟੇਪੁਰ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਜ਼ੁਬਾਨ ਬੰਦ ਕਰਨ ਲਈ ਅਜਿਹੇ ਦੋਸ਼ ਘੜੇ ਜਾ ਰਹੇ ਹਨ ਅਤੇ ਉਹ ਸਮਾਂ ਆਉਣ ’ਤੇ ਸੱਚ ਸਾਰਿਆਂ ਦੇ ਸਾਹਮਣੇ ਰੱਖਣਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,