July 17, 2016 | By ਸਿੱਖ ਸਿਆਸਤ ਬਿਊਰੋ
ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ਸੰਤ ਸਮਾਜ ਦੇ ਆਗੂਆਂ ਦੀ ਗ੍ਰਿਫਤਾਰੀਆਂ: ਸੁੱਚਾ ਸਿੰਘ ਛੋਟੇਪੁਰ
ਅਧਿਕਾਰ ਖੋਹ ਕੇ ਪੰਚਾਇਤਾਂ ਨੂੰ ਕਠਪੁਤਲੀ ਦੀ ਤਰ੍ਹਾਂ ਨਚਾ ਰਹੀ ਹੈ ਬਾਦਲ ਸਰਕਾਰ : ਸੁਖਪਾਲ ਖਹਿਰਾ
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਨੇ ਪ੍ਰਕਾਸ਼ ਸਿੰਘ ਬਾਦਲ ਸਰਕਾਰ ਉੱਤੇ ਰਾਜ ਭਰ ਦੀ ਗ੍ਰਾਮ ਪੰਚਾਇਤਾਂ ਦੇ ਬੁਨਿਆਦੀ ਅਧਿਕਾਰਾਂ ਦੇ ਖੋਹਣ ਦਾ ਦੋਸ਼ ਲਗਾਇਆ ਹੈ। ਸ਼ਨੀਵਾਰ ਨੂੰ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੈਂਸ ਨੂੰ ਸੰਬੋਧਨ ਕਰਦੇ ਹੋਏ ਪਾਰਟੀ ਦੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਅਤੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਬਾਦਲ ਸਰਕਾਰ ਨੇ ਲੋਕਤੰਤਰ ਦੇ ਬੁਨਿਆਦੀ ਥੰਮ ਮੰਨੀ ਜਾਂਦੀ ਪੰਚਾਇਤੀ ਰਾਜ ਪ੍ਰਣਾਲੀ ਨੂੰ ਖਤਮ ਕਰ ਦਿੱਤਾ ਹੈ। ਪੰਚਾਇਤਾਂ ਦੇ ਸਾਰੇ ਬੁਨਿਆਦੀ ਅਧਿਕਾਰ ਖੋਹੇ ਜਾ ਚੁੱਕੇ ਹਨ ਅਤੇ ਉਨ੍ਹਾਂ ਨੂੰ ‘ਜਥੇਦਾਰਾਂ’ ਦੀ ਕਠਪੁਤਲੀ ਬਣਾ ਦਿੱਤਾ ਗਿਆ ਹੈ। ਇਸ ਮੌਕੇ ਉਨ੍ਹਾਂ ਨਾਲ ਪਾਰਟੀ ਦੇ ਵਪਾਰ ਅਤੇ ਉਦਯੋਗ ਵਿੰਗ ਦੇ ਪ੍ਰਧਾਨ ਅਮਨ ਅਰੋੜਾ ਵੀ ਮੌਜੂਦ ਸਨ।
‘ਆਪ’ ਆਗੂਆਂ ਨੇ ਕਿਹਾ ਕਿ ਪਿੰਡ ਪੱਧਰ ਦੇ ਵਿਕਾਸ ਕੰਮਾਂ ਵਿੱਚ ਸੰਬੰਧਤ ਗ੍ਰਾਮ ਪੰਚਾਇਤ ਦੀ ਭੂਮਿਕਾ ਨਾ ਮਾਤਰ ਹੀ ਹੈ। ਪਿੰਡ ਦੇ ਵਿਕਾਸ ਦੇ ਨਾਮ ਉੱਤੇ ਜਾਰੀ ਹੋਣ ਵਾਲੀ ਹਰ ਗਰਾਂਟ ‘ਉਪਰ’ ਤੋਂ ਹੀ ਨਿਰਧਾਰਿਤ ਕਰਕੇ ਭੇਜੀ ਜਾਂਦੀ ਹੈ ਕਿ ਕਿੱਥੇ ਅਤੇ ਕਿਸ ਕਾਰਜ ਉੱਤੇ ਖਰਚ ਹੋਵੋਗੀ। ਮਜਬੂਰ ਹੋਈ ਗ੍ਰਾਮ ਪੰਚਾਇਤਾਂ ਨੂੰ ਉਹ ਰਾਸ਼ੀ ਗ੍ਰਾਮ ਦੀ ਜ਼ਰੂਰਤ ਦੇ ਹਿਸਾਬ ਨਾਲ ਨਹੀਂ ਸਗੋਂ ‘ਉਪਰ’ ਤੋਂ ਆਏ ਫਰਮਾਨ ਦੇ ਮੁਤਾਬਕ ਖਰਚ ਕਰਨੀ ਪੈਂਦੀ ਹੈ।
ਛੋਟੇਪੁਰ ਨੇ ਕਿਹਾ, ‘ਪੰਜਾਬ ਦੀਆਂ ਪੰਚਾਇਤਾਂ ਵੀ ਬਾਦਲ ਸਰਕਾਰ ਦੀ ਤਾਨਾਸ਼ਾਹੀ ਨੀਤੀਆਂ ਦਾ ਸ਼ਿਕਾਰ ਹਨ। ਪਿੰਡਾਂ ਦੇ ਵਿਕਾਸ ਲਈ ਜਾਰੀ ਕੀਤੀ ਜਾਂਦੀ ਗਰਾਂਟਾਂ ਨੂੰ ਪੰਚਾਇਤ ਆਪਣੀ ਮਰਜ਼ੀ ਦੇ ਅਨੁਸਾਰ ਨਹੀਂ ਖਰਚ ਸਕਦੀ, ਰਾਜਨੀਤਕ ਲਾਭ ਲੈਣ ਲਈ ਹਿਦਾਇਤ ਦਿੱਤੀ ਜਾਂਦੀ ਹੈ ਕਿ ਜਾਰੀ ਹੋਈ ਗਰਾਂਟ ਕਿਸ ਘਰ ਤੋਂ ਲੈ ਕੇ ਕਿਸ ਘਰ ਤੱਕ ਖਰਚ ਕਰਨੀ ਹੈ। ਇਹ ਪੰਚਾਇਤਾਂ ਦੇ ਅਧਿਕਾਰਾਂ ਉੱਤੇ ਸ਼ਰੇਆਮ ਡਾਕੇ ਦੇ ਨਾਲ ਲੋਕਤੰਤਰ ਦੀ ਹੱਤਿਆ ਵੀ ਹੈ, ‘ਛੋਟੇਪੁਰ ਨੇ ਕਿਹਾ ਕਿ ਚੋਣ ਦੇ ਸਮੇਂ ਬਾਦਲ ਜ਼ਿਲ੍ਹਾ ਪਰਿਸ਼ਦ, ਬਲਾਕ ਕਮੇਟੀਆਂ, ਪੰਚਾਇਤਾਂ ਅਤੇ ਗ੍ਰਾਮ ਪੰਚਾਇਤਾਂ ਨਾਲ ਵੱਡੇ-ਵੱਡੇ ਵਾਅਦੇ ਕਰਦੇ ਹਨ, ਪਰੰਤੂ ਸੱਤਾ ਵਿੱਚ ਆ ਕੇ ਉਨ੍ਹਾਂ ਦੇ ਬੁਨਿਆਦੀ ਅਧਿਕਾਰ ਵੀ ਖੋਹ ਲਏ ਜਾਂਦੇ ਹਨ।
ਇਸ ਮੌਕੇ ਸੁਖਪਾਲ ਸਿੰਘ ਖਹਿਰਾ ਨੇ ਦਸਤਾਵੇਜਾਂ ‘ਤੇ ਆਧਾਰਿਤ ਬਾਦਲ ਸਰਕਾਰ ਦੇ ਪੰਚਾਇਤ ਵਿਰੋਧੀ ਕਾਰਨਾਮਿਆਂ ਦੀ ਪੋਲ ਖੋਲ੍ਹਦੇ ਹੋਏ ਕਪੂਰਥਲੇ ਦੇ ਢਿੱਲਵਾਂ ਬਲਾਕ ਨਾਲ ਸਬੰਧਤ 39 ਪਿੰਡਾਂ ਦੀ ਸੂਚੀ ਮੀਡੀਆ ਨੂੰ ਪੇਸ਼ ਕੀਤੀ। ਇਸ ਸੂਚੀ ਵਿਚ ਜਾਰੀ ਗਰਾਂਟ ਨੂੰ ਕਿੱਥੇ-ਕਿੱਥੇ ਖਰਚ ਕਰਣ ਦੇ ‘ਉਪਰ’ ਤੋਂ ਆਏ ਫਰਮਾਨਾ ਬਾਰੇ ਦੱਸਿਆ ਗਿਆ ਹੈ। ਖਹਿਰਾ ਨੇ ਇਹ ਦੋਸ਼ ਲਗਾਇਆ ਕਿ ਪੇਂਡੂ ਵਿਕਾਸ ਦੇ ਨਾਮ ਉੱਤੇ 25-25 ਕਰੋੜ ਰੁਪਏ ਦੀ ਜੋ ਗਰਾਂਟਾਂ ਜਾਰੀ ਕੀਤੀਆਂ ਜਾ ਰਹੀ ਹਨ। ਇਹਨਾਂ ਵਿੱਚ 50 ਫ਼ੀਸਦੀ ਸਿੱਧੇ ਤੌਰ ਤੇ ਭ੍ਰਿਸ਼ਟਾਚਾਰ ਦੀ ਭੇਂਟ ਚੜਦਾ ਹੈ, ਨਤੀਜਾ ਅੱਜ ਤੱਕ ਗਲੀਆਂ-ਨਾਲੀਆਂ ਦਾ ਕੰਮ ਵੀ ਮੁਕਮਲ ਨਹੀਂ ਹੋ ਸਕਿਆ। ਖਹਿਰਾ ਨੇ ਕਿਹਾ ਕਿ ਪੰਚਾਇਤਾਂ ਦੇ ਅਧਿਕਾਰਾਂ ਨੂੰ ਖੋਹੇ ਜਾਣ ਦਾ ਮਾਮਲਾ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਵੀ ਲੈ ਕੇ ਜਾਇਆ ਜਾਵੇਗਾ ਤਾਂ ਕਿ ਪੰਜਾਬ ਦੀ ਸਾਰੇ ਗਰਾਮ ਪੰਚਾਇਤਾਂ ਕਿਸੇ ਰਾਜਨੀਤਕ ਅਤੇ ਪ੍ਰਬੰਧਕੀ ਦਬਾਅ ਦੇ ਬਿਨਾਂ ਪਿੰਡਾਂ ਦਾ ਵਿਕਾਸ ਪਿੰਡ ਦੀ ਜ਼ਰੂਰਤ ਅਨੁਸਾਰ ਕਰਵਾ ਸਕਣ।
ਪੰਜਾਬ ਉੱਤੇ ਹੈ ਸਵਾ 2 ਲੱਖ ਕਰੋੜਾਂ ਰੁਪਏ ਦਾ ਕਰਜਾ : ਖਹਿਰਾ
ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਉੱਤੇ ਚੜ੍ਹੇ ਕਰਜ਼ੇ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸਾਲ 1.38 ਹਜਾਰ ਕਰੋੜ ਰੁਪਏ ਸਰਕਾਰ ਦੀ ਮਸ਼ੀਨਰੀ ਉੱਤੇ ਕਰਜ਼ਾ ਹੈ, ਜਦੋਂਕਿ 86 ਹਜ਼ਾਰ ਕਰੋੜ ਰੁਪਏ ਕਰਜ਼ਾ ਜੋ ਸਰਕਾਰ ਛੁਪਾ ਕੇ ਬੈਠੀ ਹੈ। ਇਹਨਾਂ ਵਿੱਚ ਮਾਰਕਫੈਡ, ਪਨਸਪ, ਪੰਜਾਬ ਐਗਰੋ ਵਰਗੇ 66 ਬੋਰਡ ਅਤੇ ਕਾਰਪੋਰੇਸ਼ਨਾਂ ਦੀ ਗਰੰਟੀ ਪੰਜਾਬ ਸਰਕਾਰ ਨੇ ਦਿੱਤੀ ਹੋਈ ਹੈ। ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਪੰਜਾਬ ਸਰਕਾਰ ਉੱਤੇ ਕਰੀਬ ਸਵਾ 2 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ।
ਮਨੁੱਖ ਅਧਿਕਾਰਾਂ ਦੀ ਉਲੰਘਣਾ ਹੈ ਸੰਤ ਸਮਾਜ ਦੇ ਆਗੂਆਂ ਦੀ ਗ੍ਰਿਫਤਾਰੀਆਂ : ਆਪ
ਛੋਟੇਪੁਰ ਨੇ ਕਿਹਾ ਕਿ ਹਰ ਵਿਅਕਤੀ ਨੂੰ ਆਪਣੀ ਗੱਲ ਕਰਨ ਦਾ ਅਧਿਕਾਰ ਹੈ ਅਤੇ ਇਹ ਅਧਿਕਾਰ ਦੇਸ਼ ਦੇ ਸੰਵਿਧਾਨ ਨੇ ਦਿੱਤਾ ਹੈ। ਛੋਟੇਪੁਰ ਨੇ ਬਾਦਲ ਸਰਕਾਰ ਨੂੰ ਘੇਰਦੇ ਹੋਏ ਕਿਹਾ ਕਿ ਬਾਦਲ ਸਰਕਾਰ ਇੰਨੀ ਤਾਨਾਸ਼ਾਹ ਹੋ ਗਈ ਹੈ ਕਿ ਜੋ ਵੀ ਇਨ੍ਹਾਂ ਦੀਆਂ ਕਰਤੂਤਾਂ ਦੇ ਖਿਲਾਫ ਬੋਲਦਾ ਹੈ ਉਸ ਉੱਤੇ ਝੂਠਾ ਮਾਮਲਾ ਦਰਜ ਕਰ ਦਿੱਤਾ ਜਾਂਦਾ ਹੈ। ਛੋਟੇਪੁਰ ਨੇ ਕਿਹਾ ਕਿ ਸੰਤ ਸਮਾਜ ਦੇ ਲੋਕਾਂ ਨੂੰ ਬਿਨਾਂ ਵਜ੍ਹਾ ਹਿਰਾਸਤ ਵਿੱਚ ਲੈਣ ਦਾ ਅਭਿਆਨ ਤੁਰੰਤ ਬੰਦ ਹੋਣਾ ਚਾਹੀਦਾ ਹੈ। ਛੋਟੇਪੁਰ ਨੇ ਬਾਦਲਾਂ ਉੱਤੇ ਧਰਮ ਦਾ ਸਹਾਰਾ ਲੈ ਕੇ ਰਾਜਨੀਤੀ ਕਰਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪੰਜਾਬ ਪਹਿਲਾਂ ਹੀ ਬਹੁਤ ਸੰਤਾਪ ਝੱਲ ਚੁੱਕਿਆ ਹੈ। ਇਸ ਲਈ ਬਾਦਲ ਨੂੰ ਧਾਰਮਿਕ ਦਾ ਸਹਾਰਾ ਲੈ ਕੇ ਰਾਜਨੀਤੀ ਨਹੀਂ ਕਰਨੀ ਚਾਹੀਦੀ।
ਇੰਡੀਆ ਟੂਡੇ ਮੈਗਜੀਨ ਵਲੋਂ ‘ਆਪ’ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਕੰਪਿਊਟਰੀਕ੍ਰਿਤ ਫੋਟੋ ਦੇ ਨਾਲ ਅਰਵਿੰਦ ਕੇਜਰੀਵਾਲ ਦਾ ਕੋਈ ਵੀ ਲੇਣ- ਦੇਣ ਨਹੀਂ ਹੋਣ ਦੀ ਗੱਲ ਕਰਦੇ ਹੋਏ ਛੋਟੇਪੁਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਗੁਰੂ ਦੀ ਲਾਡਲੀ ਫੌਜ ਨਿਹੰਗ ਸਿੰਘਾਂ ਦਾ ਮਾਨ ਸਨਮਾਨ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਕਿਸੇ ਨੂੰ ਰਾਜਨੀਤਕ ਮੁਨਾਫ਼ਾ ਦੇਣ ਦੀ ਸ਼ਰਾਰਤ ਹੋ ਸਕਦੀ ਹੈ, ਜੋ ਨਿੰਦਣਯੋਗ ਹੈ। ਛੋਟੇਪੁਰ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਖੁਦ ਉਕਤ ਮਾਮਲੇ ਸੰਬੰਧੀ ਚਿੱਠੀ ਲਿਖਕੇ ਇਸ ਵਿੱਚ ਆਮ ਆਦਮੀ ਪਾਰਟੀ ਖਾਸ ਤੌਰ ‘ਤੇ ਅਰਵਿੰਦ ਕੇਜਰੀਵਾਲ ਦੇ ਖਿਲਾਫ ਰਾਜਨੀਤਿਕ ਸਾਜਿਸ਼ ਦੀ ਅਸ਼ੰਕਾ ਜਤਾਈ ਹੈ। ਛੋਟੇਪੁਰ ਨੇ ਕਿਹਾ ਕਿ ਇਸ ਮਾਮਲੇ ਵਿੱਚ ਨੋਟਿਸ ਵੀ ਜਾਰੀ ਕਰ ਦਿੱਤਾ ਹੈ, ਜੇਕਰ ਜ਼ਰੂਰਤ ਪਈ ਤਾਂ ਜ਼ਿੰਮੇਦਾਰ ਲੋਕਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।
https://www.youtube.com/watch?v=kEaakn163Qw
Related Topics: Aam Aadmi Party, Arrests of sikh youth in punjab, Sucha Singh Chhotepur, Sukhpal SIngh Khaira