May 12, 2016 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਆਪ ਵਲੋਂ ਜਾਰੀ ਪ੍ਰੈਸ ਬਿਆਨ ਵਿਚ ਪਾਰਟੀ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਕਾਨੂੰਨ ਵਿਵਸਥਾ ਨੂੰ ਲਾਗੂ ਕਰਨ ਦੀ ਹੁੰਦੀ ਹੈ ਪਰ ਜੇਕਰ ਪੁਲਿਸ ਫੋਰਸ ਹੀ ਕਾਨੂੰਨ ਨੂੰ ਹੱਥਾਂ ਵਿਚ ਲੈਕੇ ਲੋਕਾਂ ਵਿਚ ਡਰ ਅਤੇ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਲਗ ਜਾਵੇ ਤਾਂ ਇਸ ਲਈ ਸੁਖਬੀਰ ਬਾਦਲ ਜ਼ਿੰਮੇਵਾਰ ਹਨ, ਜੋ ਕਿ ਸੂਬੇ ਦੇ ਗ੍ਰਹਿ ਮੰਤਰੀ ਹਨ।
ਛੋਟੇਪੁਰ ਨੇ ਕਿਹਾ ਕਿ ਹਰ ਰੋਜ਼ ਪੁਲਿਸ ਦੇ ਮਾੜੇ ਵਿਹਾਰ ਅਤੇ ਜਬਰ ਜ਼ੁਲਮ ਦੇ ਮਾਮਲੇ ਸਾਹਮਣੇ ਆ ਰਹੇ ਨੇ ਪੁਲਿਸ ਪ੍ਰਸ਼ਾਸਨ ਦਾ ਇਕ ਹਿੱਸਾ ਪੂਰੀ ਤਰ੍ਹਾਂ ਬੇਕਾਬੂ ਹੋ ਚੁਕਿਆ ਹੈ। ਜਿਸਤੇ ਲਗਾਮ ਲਗਾਉਣ ਦੀ ਲੋੜ ਹੈ ਤਾਂ ਜੋ ਸੂਬੇ ਦੇ ਲੋਕ ਸੁਰੱਖਿਅਤ ਜ਼ਿੰਦਗੀ ਜੀਅ ਸਕਣ।
ਆਪ ਦੇ ਕਨਵੀਨਰ ਨੇ ਹਾਲ ਹੀ ਵਿਚ ਬਰਨਾਲਾ ਵਿਖੇ ਹੋਏ ਅਣਮਨੁੱਖੀ ਘਟਨਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਕਿਸ ਤਰ੍ਹਾਂ ਬੇਕਸੂਰ ਨੌਜਵਾਨ ਨੂੰ ਜਲੀਲ ਕੀਤਾ ਗਿਆ ਕਿ ਉਸਨੇ ਸਲਫਾਸ ਖਾ ਕੇ ਆਪਣੀ ਜ਼ਿੰਦਗੀ ਹੀ ਖਤਮ ਕਰ ਲਈ। ਇਸ ਤੋਂ ਪਹਿਲਾਂ ਮੋਹਾਲੀ ਪੁਲਿਸ ਵਲੋਂ ਬੇਕਸੂਰ ’ਤੇ ਅਜਿਹਾ ਹੀ ਜ਼ੁਲਮ ਕੀਤਾ ਗਿਆ ਸੀ ਜਿਸ ਦੀ ਲਾਸ਼ ਥਾਣੇ ਦੇ ਨੇੜੇ ਸ਼ੱਕੀ ਹਾਲਾਤਾਂ ’ਚ ਮਿਲੀ ਸੀ ਅਤੇ ਮ੍ਰਿਤਕ ਦੇ ਪਰਿਵਾਰ ਨੇ ਮੋਹਾਲੀ ਪੁਲਿਸ ’ਤੇ ਗੰਭੀਰ ਇਲਜ਼ਾਮ ਵੀ ਲਾਏ।
ਛੋਟੇਪੁਰ ਨੇ ਇਕ ਹੋਰ ਅਜਿਹੀ ਘਟਨਾ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਫਿਰੋਜ਼ਪੁਰ ਦੇ ਵਿਚ ਵਿਚ ਨਸ਼ੇ ’ਚ ਧੁੱਤ ਪੁਲਿਸ ਅਧਿਕਾਰੀ ਨੇ ਬਜ਼ੁਰਗ ਨਾਲ ਇੰਨੀ ਕੁੱਟਮਾਰ ਕੀਤੀ ਕਿ ਉਸਨੂੰ ਬੁਰੀ ਤਰ੍ਹਾਂ ਲਹੂਲੁਹਾਨ ਕਰ ਦਿੱਤਾ।
ਛੋਟੇਪੁਰ ਨੇ ਕਿਹਾ ਕਿ ਸੂਬੇ ’ਚ ਮਾੜੀ ਕਾਨੂੰਨ ਵਿਵਸਥਾ ਅਤੇ ਬੇਬਾਕ ਪੁਲਿਸ ਫੋਰਸ ਦੀ ਨੈਤਿਕ ਜ਼ਿੰਮੇਵਾਰੀ ਲੈਂਦੇ ਹੋਏ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ।
Related Topics: Aam Aadmi Party, Punjab Police, Sucha Singh Chhotepur