April 18, 2015 | By ਸਿੱਖ ਸਿਆਸਤ ਬਿਊਰੋ
ਅੰਮਿ੍ਤਸਰ (17 ਅਪ੍ਰੈਲ, 2015): ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰਵਾਰ ਘੰਟਾ ਘਰ ਵਾਲੇ ਪਾਸੇ ਕਰੀਬ 60 ਵਰ੍ਹੇ ਪੁਰਾਣਾ ਪਿੰਗਲਵਾੜਾ ਸੰਸਥਾ ਦੇ ਮੁਫ਼ਤ ਸਾਹਿਤ ਵੰਡਣ ਵਾਲਾ ਸਟਾਲ ਅੱਜ ਉਪ-ਮੁੱਖ ਮੰਤਰੀ ਦੇ ਹੁਕਮਾਂ ‘ਤੇ ਸ਼੍ਰੋਮਣੀ ਕਮੇਟੀ ਵੱਲੋਂ ਚੁੱਕ ਦਿੱਤਾ ਗਿਆ । ਸ਼੍ਰੋਮਣੀ ਕਮੇਟੀ ਦੀ ਇਸ ਕਾਰਵਾਈ ਦਾ ਵਿਰੋਧ ਕਰਦਿਆਂ ਪਿੰਗਲਵਾੜਾ ਸੰਸਥਾ ਦੇ ਮੁੱਖੀ ਡਾ: ਇੰਦਰਜੀਤ ਕੌਰ ਨੇ ਪਿੰਗਲਵਾੜਾ ਦੇ ਮੈਂਬਰਾਂ ਤੇ ਹੋਰ ਸੰਗਤਾਂ ਨਾਲ ਉਪਰੋਕਤ ਸਥਾਨ ‘ਤੇ ਬੈਠ ਕੇ ਪਾਠ ਸ਼ੁਰੂ ਕਰ ਦਿੱਤਾ ਹੈ ।
ਅੱਜ ਸ਼ਾਮ ਮੈਨੇਜਰ ਭੁਪਿੰਦਰ ਸਿੰਘ ਦੀ ਨਿਗਰਾਨੀ ਹੇਠ ਸ਼੍ਰੋਮਣੀ ਕਮੇਟੀ ਦੇ 20-25 ਮੁਲਾਜ਼ਮਾਂ ਨੇ ਘੰਟਾ ਘਰ, ਜ਼ੋੜੇ ਘਰ ਨੇੜੇ ਲੱਗੇ ਪਿੰਗਲਵਾੜਾ ਦੇ ਸਟਾਲ ‘ਤੇ ਪਈਆਂ ਸਾਹਿਤ ਅਤੇ ਧਾਰਮਿਕ ਕਿਤਾਬਾਂ ਵਾਲੇ ਕਾਊਾਟਰ ਤੇ ਗੋਲਕ ਚੁੱਕ ਕੇ ਦੂਰ ਰੱਖ ਦਿੱਤੇ । ਇਸ ਉਥਲ-ਪੁਥਲ ‘ਚ ਪਿੰਗਲਵਾੜਾ ਤੇ ਧਾਰਮਿਕ ਪੁਸਤਕਾਂ ਖਿਲਰ ਗਈਆਂ ਅਤੇ ਫਰਨੀਚਰ ਨੂੰ ਵੀ ਨੁਕਸਾਨ ਪਹੁੰਚਿਆ ।
ਇਸ ਦੌਰਾਨ ਸ਼ੋ੍ਰਮਣੀ ਕਮੇਟੀ ਦੀ ਕਾਰਵਾਈ ਮੰਦਭਾਗੀ ਦੱਸਦਿਆਂ ਡਾ: ਇੰਦਰਜੀਤ ਕੌਰ ਨੇ ਕਿਹਾ ਕਿ ਇਹ ਸਟਾਲ ਭਗਤ ਪੂਰਨ ਸਿੰਘ ਦੀ ਯਾਦਗਾਰ ਹੈ, ਜਿਸ ਨੂੰ ਕਿਸੇ ਵੀ ਕੀਮਤ ‘ਤੇ ਮਿਟਣ ਨਹੀਂ ਦਿੱਤਾ ਜਾਵੇਗਾ । ਉਨ੍ਹਾਂ ਕਿਹਾ ਕਿ ਭਗਤ ਪੂਰਨ ਸਿੰਘ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਘੰਟਾ ਘਰ ਨੇੜੇ 60 ਸਾਲ ਪਹਿਲਾਂ ਇਹ ਸਟਾਲ ਸਥਾਪਿਤ ਕੀਤਾ ਸੀ।
ਉਨ੍ਹਾਂ ਦੱਸਿਆ ਕਿ ਗਲਿਆਰਾ ਬਣਨ ਦੌਰਾਨ ਇਹ ਸਟਾਲ ਪਹਿਲਾਂ ਵਿਚਕਾਰ ਆਉਂਦਾ ਸੀ, ਜਿਸ ਨੂੰ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਅਦੇਸ਼ਾਂ ‘ਤੇ ਪਹਿਲਾਂ ਹੀ ਹਟਾਕੇ ਵਜੀਰ ਬਿਕਰਮ ਸਿੰਘ ਮਜੀਠੀਆ ਦੀ ਰਾਏ ਨਾਲ ਜੋੜੇ ਘਰ ਦੇ ਇਕ ਪਾਸੇ ਲਗਾ ਦਿੱਤਾ ਗਿਆ ਸੀ । ਕਰੀਬ ਦੋ ਦਿਨ ਪਹਿਲਾਂ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਬੀਬੀ ਹਰਸਿਮਰਤ ਕੌਰ ਬਾਦਲ ਦੀ ਸ੍ਰੀ ਹਰਿਮੰਦਰ ਸਾਹਿਬ ਦੀ ਫੇਰੀ ਦੌਰਾਨ ਉਨ੍ਹਾਂ ਨੇ ਇਹ ਸਟਾਲ ਮੁੜ ਹਟਾਉਣ ਦੀਆਂ ਦਿੱਤੀਆਂ ਹਦਾਇਤਾਂ ਅਨੁਸਾਰ ਉਨ੍ਹਾਂ ਦਾ ਸਟਾਲ ਚੁੱਕਵਾ ਦਿੱਤਾ ਗਿਆ ।
ਮੈਨੇਜਰ ਸ੍ਰੀ ਦਰਬਾਰ ਸਾਹਿਬ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਪਿੰਗਲਵਾੜਾ ਸੰਸਥਾ ਦੀ ਨਰਾਜ਼ਗੀ ਨੂੰ ਨਾਜਾਇਜ਼ ਦੱਸਦਿਆਂ ਕਿਹਾ ਕਿ ਇਹ ਸਟਾਲ ਰਸਤੇ ਵਿਚ ਆਉਂਦੇ ਸਨ । ਸ਼ੋ੍ਰਮਣੀ ਕਮੇਟੀ ਨੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਆਦੇਸ਼ਾਂ ‘ਤੇ ਦੋ ਸਟਾਲ ਹਟਾਏ ਹਨ, ਜਿਨ੍ਹਾਂ ‘ਚ ਇਕ ਸ਼ੋ੍ਰਮਣੀ ਕਮੇਟੀ ਦਾ ਸਟਾਲ ਵੀ ਸ਼ਾਮਿਲ ਹੈ ।
Related Topics: Shiromani Gurdwara Parbandhak Committee (SGPC), Sri Harimander Sahib, sukhbir singh badal