April 11, 2015 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ (10 ਅਪ੍ਰੈਲ, 2015 ): ਵਿਵਾਦਤ ਫਿਲਮ ਨਾਨਕਸ਼ਾਹ ਫਕੀਰ ਦਾ ਨਿਰਮਾਤਾ ਹਰਿੰਦਰ ਸਿੱਕਾ ਸਿੱਖ ਕੌਮ ਦੇ ਵਿਰੋਧ ਦੇ ਬਾਵਜੁਦ 17 ਅਪ੍ਰੈਲ ਨੂੰ ਫਿਲਮ ਰਿਲੀਜ਼ ਕਰਨ ਲਈ ਬਾਜ਼ਿੱਦ ਹੈ। ਇਸ ਸਬੰਧੀ ਅੱਜ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਰੁਣ ਜੇਤਲੀ ਸੂਚਨਾ ਤੇ ਪ੍ਰਸਾਰਨ ਮੰਤਰੀ ਨੂੰ ਪੱਤਰ ਲਿਖ ਕੇ ਵਿਵਾਦਿਤ ਫਿਲਮ ‘ਨਾਨਕ ਸ਼ਾਹ ਫ਼ਕੀਰ’ ਤੇ ਤੁਰੰਤ ਪਾਬੰਦੀ ਲਗਾਉਣ ਬਾਰੇ ਅਪੀਲ ਕੀਤੀ ਹੈ।
ਦਫ਼ਤਰ ਸ਼੍ਰੋਮਣੀ ਕਮੇਟੀ ਤੋਂ ਜਾਰੀ ਪ੍ਰੈਸ ਨੋਟ ‘ਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੋਣ ਦੇ ਨਾਤੇ ਆਪ ਦੇ ਧਿਆਨ ‘ਚ ਲਿਆਉਣਾ ਚਾਹੁੰਦਾ ਹਾਂ ਕਿ ਇਸ ਫਿਲਮ ਬਾਰੇ ਨਾ ਤਾਂ ਸੈਂਟਰਲ ਬੋਰਡ ਆਫ਼ ਫਿਲਮ ਵਿੱਚ ਕੋਈ ਸਿੱਖ ਮੈਂਬਰ ਲਿਆ ਗਿਆ ਤੇ ਨਾ ਹੀ ਸਿੱਖ ਅਥਾਰਿਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਇਸ ਵਿਵਾਦਿਤ ਫਿਲਮ ਬਾਰੇ ਰਾਫ਼ਤਾ ਕਾਇਮ ਕਰਕੇ ਸੰਮਤੀ ਲਈ ਗਈ ਹੈ।
ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿਖੇ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਹੋਈ ਇਕੱਤਰਤਾ ਵਿੱਚ ਇਸ ਫਿਲਮ ਦਾ ਗੰਭੀਰ ਨੋਟਿਸ ਲੈਂਦਿਆਂ ਵਿਚਾਰ ਕੀਤੀ ਗਈ ਹੈ ਕਿ ਵਿਵਾਦਿਤ ਫਿਲਮ ਦੇ ਨਿਰਮਾਤਾ ਵੱਲੋਂ ਇਹ ਗਲਤ ਅਫਵਾਹ ਫੈਲਾਈ ਗਈ ਹੈ ਕਿ ਉਸ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਕੋਲੋਂ ਫਿਲਮ ‘ਨਾਨਕ ਸ਼ਾਹ ਫਕੀਰ’ ਸਬੰਧੀ ਇਜਾਜਤ ਲਈ ਹੈ।
ਉਨ੍ਹਾਂ ਕਿਹਾ ਕਿ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ‘ਚ ਮਤਾ ਪਾਸ ਕਰਦਿਆਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਫਿਲਮ ‘ਨਾਨਕ ਸ਼ਾਹ ਫਕੀਰ’ ਸਬੰਧੀ ਮੀਡੀਆ ਦੀ ਰੀਪੋਰਟ ਅਨੁਸਾਰ ਇਸ ਫਿਲਮ ਦਾ ਕੋਈ ਵੀ ਦ੍ਰਿਸ਼ ਨਾ ਵਿਖਾਇਆ ਜਾਵੇ।
ਉਨ੍ਹਾਂ ਕਿਹਾ ਕਿ ਇਸ ਫਿਲਮ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੀ ਸਤਿਕਾਰਯੋਗ ਭੈਣ ਬੇਬੇ ਨਾਨਕੀ ਦਾ ਰੋਲ ਵਿਅਕਤੀਗਤ ਤੌਰ ਤੇ ਨਿਭਾਇਆ ਗਿਆ ਹੈ ਜਿਸ ਲਈ ਸਿੱਖ ਧਰਮ ਇਜ਼ਾਜਤ ਨਹੀਂ ਦੇਂਦਾ।ਉਨ੍ਹਾਂ ਕਿਹਾ ਕਿ ਪਿਛਲੇ ਛੇ ਦਹਾਕਿਆਂ ਤੋਂ ੧੫ਵੇਂ ਦਹਾਕੇ ਤੱਕ ਕਦੇ ਵੀ ਐਸਾ ਨਹੀਂ ਹੋਇਆ ਕਿ ਸਿੱਖ ਧਰਮ ਦੇ ਸਤਿਕਾਰਤ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੇ ਪ੍ਰੀਵਾਰਕ ਮੈਂਬਰਾਂ ਦਾ ਰੋਲ ਵਿਅਕਤੀਗਤ ਤੌਰ ‘ਤੇ ਨਿਭਾਇਆ ਗਿਆ ਹੋਵੇ।
ਉਨ੍ਹਾਂ ਇਸਲਾਮ ਧਰਮ ਦੀ ਪ੍ਰੀਭਾਸ਼ਾ ਦੇਂਦਿਆਂ ਕਿਹਾ ਕਿ ਇਸਲਾਮ ਧਰਮ ਵਿੱਚ ਕਦੇ ਵੀ ਹਜਰਤ ਮੁਹੰਮਦ ਸਾਹਿਬ ਦੀ ਤਸਵੀਰ ਛਾਪਣ ਦੀ ਇਜਾਜਤ ਨਹੀਂ ਦਿੱਤੀ ਗਈ।ਉਨ੍ਹਾਂ ਕਿਹਾ ਕਿ ਸਿੱਖ ਧਰਮ ਵਿੱਚ ਵੀ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੇ ਪ੍ਰੀਵਾਰਕ ਮੈਂਬਰਾਂ ਦੇ ਰੋਲ ਅਦਾ ਕਰਨ ਦੀ ਇਜਾਜਤ ਨਹੀਂ ਦਿੱਤੀ ਜਾਂਦੀ।
ਉਨ੍ਹਾਂ ਕਿਹਾ ਕਿ ਐਸਾ ਕਰਨ ਨਾਲ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਹਨ ਅਤੇ ਦੇਸ਼-ਵਿਦੇਸ਼ਾਂ ‘ਚ ਵਸਦੇ ਸਿੱਖ ਮਨਾਂ ਵਿੱਚ ਭਾਰੀ ਰੋਸ ਤੇ ਰੋਹ ਹੈ।ਉਨ੍ਹਾਂ ਕਿਹਾ ਕਿ ਐਸੀ ਵਿਵਾਦਿਤ ਫਿਲਮ ‘ਤੇ ਤੁਰੰਤ ਪਾਬੰਦੀ ਲਗਾਈ ਜਾਵੇ ਕਿਉਂਕਿ ਸਿੱਖਾਂ ਵਿੱਚ ਪਾਈ ਜਾ ਰਹੀ ਬੇਚੈਨੀ ਕਾਰਨ ਉਹ ਸੜਕਾਂ ‘ਤੇ ਉਤਰਨ ਲਈ ਮਜ਼ਬੂਰ ਹੋ ਰਹੇ ਹਨ।
Related Topics: Avtar Singh Makkar, Harinder Sikka, Nanak Shah Fakir Film Controversy, Shiromani Gurdwara Parbandhak Committee (SGPC)