April 10, 2015 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ (9 ਅਪ੍ਰੈਲ, 2015): ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ‘ਤੇ ਬਣੀ ਵਿਵਾਦਤ ਫ਼ਿਲਮ ‘ਨਾਨਕ ਸ਼ਾਹ ਫਕੀਰ’ ‘ਤੇ ਫੌਰੀ ਰੋਕ ਲਗਾਏ ਜਾਣ ਪੰਜਾਬ ਅਤੇ ਹਾਈਕੋਰਟ ਵਿੱਚ ਸ਼ਿਕਾਇਤ ਦਰਜ਼ ਕਰਵਾਈ ਗਈ ਹੈ। ਲੁਧਿਆਣਾ ਨਿਵਾਸੀ ਸੱਤਪਾਲ ਸਿੰਘ ਨਾਮੀ ਵਿਅਕਤੀ ਵੱਲੋਂ ਸੀਨੀਅਰ ਐਡਵੋਕੇਟ ਰੰਜਨ ਲਖਨਪਾਲ ਰਾਹੀਂ ਇਸ ਬਾਬਤ ਸ਼ਿਕਾਇਤ ਦਾਇਰ ਕੀਤੀ ਗਈ ਹੈ ।
ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਗੁਰੂ ਨਾਨਕ ਸਾਹਿਬ ਜੀ ਅਤੇ ਹੋਰਨਾਂ ਸਤਿਕਾਰਤ ਸ਼ਖਸ਼ੀਅਤਾਂ ਭਾਈ ਮਰਦਾਨ ਜੀ ਅਤੇ ਬੇਬੇ ਨਾਨਕੀ ਜੀ ਦੇ ਕਿਰਦਾਰ ਨੂੰ ਇਸ ਫਿਲਮ ਵਿੱਚ ਮਨੁੱਖੀ ਪਾਤਰਾਂ ਵੱਲੋਂ ਦ੍ਰਿਸ਼ਮਾਨ ਕੀਤਾ ਗਿਆ ਹੈ, ਜੋ ਸਿੱਖਾਂ ਸਿਧਾਤਾਂ ਦੀ ਸ਼ਰੇਆਮ ਉਲੰਘਣਾ ਹੈ।
ਇਸ ਪਟੀਸ਼ਨ ਤਹਿਤ ਕੇਂਦਰੀ ਫ਼ਿਲਮ ਸਰਟੀਫਿਕੇਸ਼ਨ ਬੋਰਡ (ਸੈਂਸਰ ਬੋਰਡ) ਦੇ ਨਾਲ-ਨਾਲ ਕੇਂਦਰ ਸਰਕਾਰ, ਪੰਜਾਬ ਸਰਕਾਰ, ਪੰਜਾਬ ਦੇ ਪੁਲਿਸ ਮੁਖੀ ਅਤੇ ਉਕਤ ਫ਼ਿਲਮ ਦੇ ਨਿਰਮਾਤਾ ਹਰਿੰਦਰ ਸਿੱਕਾ ਨੂੰ ਵੀ ਜੁਆਬਦੇਹ ਬਣਾਇਆ ਗਿਆ ਹੈ ।
ਪਟੀਸ਼ਨਰ ਨੇ ਖੁਦ ਦੇ ਇੱਕ ਸਿੱਖ ਹੋਣ ਦਾ ਦਾਅਵਾ ਕਰਦਿਆਂ ਉਕਤ ਫ਼ਿਲਮ ਵਿਚ ਗੁਰੂ ਸਾਹਿਬ ਦਾ ਕਿਸੇ ਅਦਾਕਾਰ ਵੱਲੋਂ ਅਭਿਨੈ ਕੀਤਾ ਜਾਣ ਨੂੰ ਆਪਣੀਆਂ ਅਤੇ ਸਮੁੱਚੇ ਸਿੱਖ ਜਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਤੁਲ ਕਰਾਰ ਦਿੱਤਾ ਹੈ ।
ਫ਼ਿਲਮ ‘ਤੇ ਫੌਰੀ ਰੋਕ ਲਗਾਏ ਜਾਣ ਦੀ ਮੰਗ ਕਰਦਿਆਂ ਅੱਜ ਇਹ ਸ਼ਿਕਾਇਤ ਛੇਤੀ ਤੋਂ ਛੇਤੀ ਸੁਣਵਾਈ ਦੀ ਬੇਨਤੀ ਸਹਿਤ ਹਾਈਕੋਰਟ ‘ਚ ਦਾਇਰ ਕਰ ਦਿੱਤੀ ਗਈ ਹੈ, ਜਿਸ ‘ਤੇ ਆਉਂਦੇ ਹਫ਼ਤੇ ਵਿਸਾਖੀ ਦੀਆਂ ਛੁੱਟੀਆਂ ਦੌਰਾਨ ਵਿਸ਼ੇਸ਼ ਬੈਂਚ ਵੱਲੋਂ ਸੁਣਵਾਈ ਕੀਤੇ ਜਾਣ ਦੀ ਉਮੀਦ ਹੈ ।
Related Topics: Harinder Sikka, Nanak Shah Fakir Film Controversy, Punjab and Haryana High Court