ਸਿੱਖ ਖਬਰਾਂ

ਭਾਈ ਨਿੱਝਰ ਦਾ ਪਹਿਲਾ ਸ਼ਹੀਦੀ ਦਿਹਾੜਾ ਦਲ ਖਾਲਸਾ ਵੱਲੋਂ ਮਨਾਇਆ ਗਿਆ

By ਸਿੱਖ ਸਿਆਸਤ ਬਿਊਰੋ

June 19, 2024

ਅੰਮ੍ਰਿਤਸਰ – ਕੈਨੇਡਾ ਦੀ ਧਰਤੀ ਉੱਤੇ ਗੋਲੀਆਂ ਮਾਰਕੇ ਸ਼ਹੀਦ ਕੀਤੇ ਗਏ ਭਾਈ ਹਰਦੀਪ ਸਿੰਘ ਨਿੱਝਰ ਦਾ ਪਹਿਲਾ ਸ਼ਹੀਦੀ ਦਿਹਾੜਾ ਦਲ ਖਾਲਸਾ ਵੱਲੋ ਖਾਲਸਾਈ ਜਜ਼ਬਿਆਂ ਨਾਲ ਅੰਮ੍ਰਿਤਸਰ ਵਿਖੇ ਮਨਾਇਆ ਗਿਆ। ਸਮਾਗਮ ਵਾਲੀ ਥਾਂ ਤੇ ਭਾਈ ਨਿੱਝਰ ਦੀ ਤਸਵੀਰਾਂ ਅਤੇ ਕੈਨੇਡਾ ਸਰਕਾਰ ਦਾ ਧੰਨਵਾਦ ਕਰਨ ਵਾਲੇ ਬੋਰਡ ਲੱਗੇ ਹੋਏ ਸਨ।

ਇਸ ਮੌਕੇ ਗੁਰਦੁਆਰਾ ਸੰਤੋਖਸਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਵੱਖ-ਵੱਖ ਸਿੱਖ ਸਖਸ਼ੀਅਤਾਂ ਨੇ ਭਾਈ ਨਿੱਝਰ ਨੂੰ ਸਰਧਾਂਜਲੀ ਭੇਂਟ ਕੀਤੀ। ਸਰਧਾਂਜਲੀ ਸਮਾਗਮ ਵਿੱਚ ਦਲ ਖ਼ਾਲਸਾ ਦੀ ਸਮੁੱਚੀ ਲੀਡਰਸ਼ਿਪ ਅਤੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਨੇ ਵੀ ਸ਼ਮੂਲੀਅਤ ਕੀਤੀ।

ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਬੋਲਦਿਆਂ ਭਾਈ ਨਿੱਝਰ ਨੂੰ ਸਿੱਖ ਕੌਮ ਦਾ ਸ਼ਹੀਦ ਦੱਸਿਆ ਜੋ ਪੰਥ ਦੇ ਦੁਸ਼ਮਣਾਂ ਹੱਥੋਂ ਮਾਰਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ ਪਾਰਲੀਮੈਂਟ ਵਿੱਚ ਬਹੁਤ ਜ਼ਿੰਮੇਵਾਰੀ ਨਾਲ ਭਾਈ ਨਿੱਝਰ ਦੀ ਹੱਤਿਆ ਦੀ ਸਾਜ਼ਿਸ਼ ਰਚਣ ਲਈ ਭਾਰਤੀ ਖੁਫੀਆ ਏਜੰਸੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਕੌਮੀ ਨਿਸ਼ਾਨੇ ਦੀ ਪੂਰਤੀ ਖਾਤਰ ਅਣਗਿਣਤ ਸਿੱਖ ਸ਼ਹੀਦਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ। ਜਥੇਦਾਰ ਨੇ ਵਿਦੇਸ਼ਾਂ ਵਿੱਚ ਹੋਏ ਸਿੱਖ ਕਾਰਕੁਨਾਂ ਦੇ ਕਤਲਾਂ ਦਾ ਗੰਭੀਰ ਨੋਟਿਸ ਲੈਂਦਿਆਂ ਸਿੱਖ ਸੰਗਤਾਂ ਨੂੰ ਸੁਚੇਤ ਰਹਿਣ ਅਤੇ ਸੰਘਰਸ਼ ਕਰ ਰਹੇ ਨੌਜਵਾਨਾਂ ਦੀ ਜਾਨ-ਮਾਲ ਦੀ ਰਾਖੀ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕੌਮੀ ਘਰ (ਸਿੱਖ ਹੋਮਲੈਂਡ) ਦੀ ਸਥਾਪਨਾ ਬਾਰੇ ਵੀ ਸੰਕੇਤਕ ਰੂਪ ਵਿੱਚ ਗੱਲ ਕੀਤੀ।

ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕੈਨੇਡਾ ਰਹਿੰਦੇ ਭਾਈ ਨਿੱਝਰ ਦੇ ਪਰਿਵਾਰਕ ਮੈਂਬਰਾਂ ਨੂੰ ਸਿਰੋਪਾਓ ਭੇਟ ਕੀਤਾ ਜੋ ਕੈਨੇਡਾ ਵਿਖੇ ਰਹਿੰਦਾ ਹੈ ਅਤੇ ਪਰਿਵਾਰ ਵੱਲੋ ਸਮਾਗਮ ਦੇ ਪ੍ਰਬੰਧਕਾਂ ਨੇ ਸਿਰੋਪਾਓ ਲਿਆ ਜਿੰਨਾਂ ਨੇ ਯਕੀਨੀ ਬਣਾਇਆ ਕਿ ਉਹ ਅਕਾਲ ਤਖਤ ਵੱਲੋਂ ਦਿੱਤਾ ਗਿਆ ਸਨਮਾਨ ਪਰਿਵਾਰ ਤਕ ਪੁੱਜਦਾ ਕਰਨਗੇ।

ਸਮਾਗਮ ਵਿੱਚ ਸਿੱਖ ਨਜ਼ਰਬੰਦ ਭਾਈ ਜਗਤਾਰ ਸਿੰਘ ਹਵਾਰਾ ਅਤੇ ਭਾਈ ਜਗਤਾਰ ਸਿੰਘ ਤਾਰਾ ਦੇ ਸੰਦੇਸ਼ ਪੜ ਕੇ ਸੁਣਾਏ ਗਏ । ਦੋਨਾ ਨੇ ਜੇਲ੍ਹ ਤੋਂ ਭੇਜੇ ਸੰਦੇਸ਼ ਵਿੱਚ ਭਾਈ ਨਿੱਝਰ ਨੂੰ ਕੌਮੀ ਯੋਧਾ ਦੱਸਿਆ ਅਤੇ ਸਤਿਕਾਰ ਭੇਟ ਕੀਤਾ।

ਇਸ ਮੌਕੇ ਸਮਾਗਮ ਵਿੱਚ ਸੰਗਤਾਂ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਮੰਗ ਕੀਤੀ ਕਿ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਸੁਸ਼ੋਬਿਤ ਕੀਤੀ ਜਾਵੇ ਅਤੇ ਪੰਜ ਸਿੰਘ ਸਾਹਿਬਾਨਾਂ ਵੱਲੋਂ ਰਸਮੀ ਤੌਰ ਉੱਤੇ ਅਕਾਲ ਤਖ਼ਤ ਸਾਹਿਬ ਤੋਂ ਭਾਈ ਨਿੱਝਰ ਨੂੰ ਸ਼ਹੀਦ ਦੀ ਉਪਾਧੀ ਨਾਲ ਨਿਵਾਜਿਆ ਜਾਵੇ। ਸਮਾਗਮ ਵਿਚ ਦਲ ਖ਼ਾਲਸਾ ਦੇ ਰਾਜਨੀਤਿਕ ਮਾਮਲਿਆਂ ਦੇ ਸਕੱਤਰ ਕੰਵਰਪਾਲ ਸਿੰਘ ਨੇ ਮਤਾ ਪੜ੍ਹਿਆ ਜਿਸ ਨੂੰ ਸੰਗਤਾਂ ਨੇ ਜੈਕਾਰੇ ਨਾਲ ਪੂਰਨ ਸਹਿਮਤੀ ਦਿੱਤੀ।

ਇਸ ਮੌਕੇ ਦਲ ਖ਼ਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ, ਭਾਈ ਨਰੈਣ ਸਿੰਘ ਚੌੜਾ, ਵਕੀਲ ਸਿਮਰਨਜੀਤ ਸਿੰਘ, ਮਰਹੂਮ ਦੀਪ ਸਿੱਧੂ ਦੇ ਭਰਾ ਮਨਦੀਪ ਸਿੰਘ ਸਿੱਧੂ, ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ, ਸੁਖਰਾਜ ਸਿੰਘ ਨਿਆਮੀਵਾਲ, ਹਰਚਰਨਜੀਤ ਸਿੰਘ ਧਾਮੀ, ਦਇਆ ਸਿੰਘ ਕੱਕੜ, ਜਸਵੀਰ ਸਿੰਘ ਖੰਡੂਰ, ਜਗਜੀਤ ਸਿੰਘ ਖੋਸਾ, ਗੁਰਵਿੰਦਰ ਸਿੰਘ ਬਾਜਵਾ, ਗੁਰਵਿੰਦਰ ਸਿੰਘ ਬਠਿੰਡਾ, ਦਿਲਬਾਗ ਸਿੰਘ ਗੁਰਦਾਸਪੁਰ, ਗੁਰਪ੍ਰੀਤ ਸਿੰਘ ਖੁੱਡਾ, ਗੁਰਨਾਮ ਸਿੰਘ, ਰਣਵੀਰ ਸਿੰਘ ਗੀਗਨਵਾਲ, ਮਾਸਟਰ ਕੁਲਵੰਤ ਸਿੰਘ ਫੇਰੂਮਾਨ, ਰਾਜਵਿੰਦਰ ਸਿੰਘ ਮਾਨਸਾ, ਕੁਲਦੀਪ ਸਿੰਘ ਰਜਦਾਨ, ਪ੍ਰਭਜੀਤ ਸਿੰਘ ਹਸਨਪੁਰ ਆਦਿ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: