ਖੰਨਾ/ ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਦੇ ਸੁਫ਼ਨੇ ਤਾਂ ਹਾਲੇ ਪੂਰੇ ਹੋਣੇ ਹਨ ਅਤੇ ਸੂਬੇ ਤੇ ਕੇਂਦਰ ਦੀਆਂ ਪਿਛਲੀਆਂ ਸਰਕਾਰਾਂ ਦਲਿਤਾਂ ਨੂੰ ਸਦਾ ਕੇਵਲ ਆਪਣੇ ਵੋਟ-ਬੈਂਕ ਵਜੋਂ ਹੀ ਵਰਤਦੀਆਂ ਰਹੀਆਂ ਹਨ।
ਇੱਥੋਂ ਦੇ ਗੁੱਡ ਟਾਈਮ ਰਿਜ਼ੌਰਟ ‘ਚ ਦਲਿਤ ਭਾਈਚਾਰੇ ਦੇ ਇੱਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ,”ਬਾਬਾ ਸਾਹਿਬ ਨੇ ਦਲਿਤਾਂ ਲਈ ਜਿਹੜੇ ਸੁਫ਼ਨੇ ਵੇਖੇ ਸਨ ਅਤੇ ਜਿਨ੍ਹਾਂ ਲਈ ਸੰਵਿਧਾਨ ਲਿਖਦੇ ਸਮੇਂ ਉਨ੍ਹਾਂ ਅਨੇਕਾਂ ਵਿਵਸਥਾਵਾਂ ਰੱਖੀਆਂ ਸਨ; ਉਹ ਹਾਲੇ ਪੂਰੇ ਕੀਤੇ ਜਾਣੇ ਬਾਕੀ ਹਨ। ਆਮ ਆਦਮੀ ਪਾਰਟੀ ਹਰੇਕ ਖੇਤਰ ਵਿੱਚ ਦਲਿਤਾਂ ਨੂੰ ਸਮਾਨਤਾ ਪ੍ਰਦਾਨ ਕਰ ਕੇ ਅਜਿਹੇ ਸੁਫ਼ਨੇ ਪੂਰੇ ਕਰੇਗੀ।”
ਦਲਿਤ ਨੌਜਵਾਨ ਰੋਹਿਤ ਵੇਮੁਲਾ ਦੀ ਖ਼ੁਦਕੁਸ਼ੀ ਨਾਲ ਸਬੰਧਤ ਮਾਮਲੇ ਦਾ ਹਵਾਲਾ ਦਿੰਦਿਆਂ ਕੇਜਰੀਵਾਲ ਨੇ ਕਿਹਾ ਕਿ ਸਿਆਸੀ ਆਗੂਆਂ ਲਈ ਇਹ ਸ਼ਰਮ ਵਾਲੀ ਗੱਲ ਹੈ ਕਿ ਉਨ੍ਹਾਂ ਨੇ ਅਜਿਹੇ ਹਾਲਾਤ ਪੈਦਾ ਕਰ ਦਿੱਤੇ ਕਿ ਉਸ ਹੋਣਹਾਰ ਤੇ ਹੁਸ਼ਿਆਰ ਦਲਿਤ ਵਿਦਿਆਰਥੀ ਨੂੰ ਮਜਬੂਰੀਵੱਸ ਖ਼ੁਦਕੁਸ਼ੀ ਕਰਨ ਜਿਹਾ ਕਦਮ ਚੁੱਕਣਾ ਪਿਆ।
ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਸ਼੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਦੀ ਹਕੂਮਤ ਦੌਰਾਨ ਦਲਿਤਾਂ ਨਾਲ ਹੋਣ ਵਾਲੀਆਂ ਵਧੀਕੀਆਂ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ ਹੈ। ਇਸ ਤੱਥ ਦਾ ਅੰਦਾਜ਼ਾ ਇੱਕ ਦਲਿਤ (ਭੀਮ ਟਾਂਕ) ਨਾਲ ਵਾਪਰੀ ਉਸ ਘਿਣਾਉਣੀ ਘਟਨਾ ਤੋਂ ਲਾਇਆ ਜਾ ਸਕਦਾ ਹੈ, ਜਿਸ ਵਿੱਚ ਉਸ ਦੇ ਅੰਗ ਇਸ ਲਈ ਵੱਢ ਦਿੱਤੇ ਗਏ ਸਨ ਕਿਉਂਕਿ ਉਸ ਨੇ ਸ਼ਰਾਬ ਦੇ ਵਪਾਰੀ ਤੇ ਅਕਾਲੀ ਆਗੂ ਨਾਲ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
ਕੇਜਰੀਵਾਲ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਅੱਗੇ ਕਿਹਾ,”ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਕਾਇਮ ਹੋਣ ਤੋਂ ਬਾਅਦ, ਇੱਕ ਵਿਸ਼ੇਸ਼ ਜਾਂਚ ਟੀਮ ਕਾਇਮ ਕੀਤੀ ਜਾਵੇਗੀ, ਜੋ ਦਲਿਤਾਂ ਨਾਲ ਹੋਣ ਵਾਲੀਆਂ ਵਧੀਕੀਆਂ ਨਾਲ ਸਬੰਧਤ ਸਾਰੇ ਮਾਮਲਿਆਂ ਦੀ ਜਾਂਚ ਕਰੇਗੀ ਅਤੇ ਦਲਿਤਾਂ ਵਿਰੁੱਧ ਦਰਜ ਕੀਤੇ ਗਏ ਝੂਠੇ ਕੇਸ ਮੈਰਿਟ ਦੇ ਆਧਾਰ ਉੱਤੇ ਵਾਪਸ ਲੈ ਲਏ ਜਾਣਗੇ।”
ਕੇਜਰੀਵਾਲ ਨੇ ਕਿਹਾ ਕਿ ਪਹਿਲਾਂ ਬਾਬਾ ਸਾਹਿਬ ਅੰਬੇਡਕਰ ਨੇ ਭਾਰਤੀ ਸੰਵਿਧਾਨ ਲਿਖਦੇ ਸਮੇਂ ਦਲਿਤਾਂ ਨੂੰ ਉਤਾਂਹ ਚੁੱਕਣ ਲਈ ਸ਼ਲਾਘਾਯੋਗ ਵਿਵਸਥਾਵਾਂ ਰੱਖੀਆਂ, ਫਿਰ ਕਾਂਸ਼ੀ ਰਾਮ ਜੀ ਨੇ ਉਨ੍ਹਾਂ ਦੇ ਸੁਫ਼ਨੇ ਪੂਰੇ ਕਰਨ ਲਈ ਸ਼ਾਨਦਾਰ ਕੰਮ ਕੀਤੇ ਅਤੇ ਦਲਿਤਾਂ ਨੂੰ ਉਨ੍ਹਾਂ ਦੇ ਹੱਕ ਦਿਵਾਉਣ ਲਈ ਉਨ੍ਹਾਂ ਨੂੰ ਇੱਕਜੁਟ ਕੀਤਾ। ਹੁਣ ਵੇਲਾ ਆ ਗਿਆ ਹੈ, ਜਦੋਂ ਦਲਿਤਾਂ ਨੂੰ ਪੰਜਾਬ ਵਿੱਚ ਆਪਣੀ ਨਵੀਂ ਸਰਕਾਰ ਚੁਣਨ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਉਣੀ ਚਾਹੀਦੀ ਹੈ।
ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਦੀ ਅਗਵਾਈ ਹੇਠਲੀ ਸੂਬਾ ਸਰਕਾਰ ਨੇ ਦਲਿਤਾਂ ਨੂੰ ਜਾਣਬੁੱਝ ਕੇ ਉਨ੍ਹਾਂ ਦੇ ਅਧਿਕਾਰਾਂ ਤੋਂ ਵਾਂਝੇ ਰੱਖਿਆ ਹੈ, ਪਰ ਹੁਣ ਪੰਜਾਬ ਵਿੱਚ ਬਣਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਜੀਵਨ ਦੇ ਹਰੇਕ ਖੇਤਰ ‘ਚ ਉਨ੍ਹਾਂ ਦੇ ਵਿਕਾਸ ਲਈ ਉਨ੍ਹਾਂ ਨੂੰ ਇੱਕਸਮਾਨ ਮੌਕੇ ਮੁਹੱਈਆ ਕਰਵਾਏਗੀ।
ਆਮ ਆਦਮੀ ਪਾਰਟੀ ਦੇ ਸੂਬਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਇੱਕੋ-ਇੱਕ ਅਜਿਹੀ ਪਾਰਟੀ ਹੈ, ਜਿਸ ਨੂੰ ਦਲਿਤਾਂ ਦੀਆਂ ਸਮੱਸਿਆਵਾਂ ਦਾ ਅਹਿਸਾਸ ਹੈ ਤੇ ਇਸ ਗੱਲ ਦੀ ਪੂਰੀ ਜਾਣਕਾਰੀ ਹੈ ਕਿ ਉਨ੍ਹਾਂ ਨੂੰ ਕਿਹੋ ਜਿਹੇ ਹਾਲਾਤ ਵਿੱਚ ਰਹਿਣ ਲਈ ਮਜਬੂਰ ਕੀਤਾ ਜਾਂਦਾ ਹੈ।