ਚੰਡੀਗੜ: ਆਮ ਆਦਮੀ ਪਾਰਟੀ ਦੇ ਨੇਤਾਵਾਂ ਸੰਜੇ ਸਿੰਘ, ਸੁੱਚਾ ਸਿੰਘ ਛੋਟੇਪੁਰ ਅਤੇ ਭਗਵੰਤ ਮਾਨ ਨੇ ਇਕ ਸਾਂਝੇ ਬਿਆਨ ਵਿਚ ਕਿਹਾ ਕਿ ਭਾਰਤੀ ਜਨਤਾ ਪਾਰਟੀ ਸ਼ਾਸ਼ਿਤ ਉਤੱਰ-ਦਿੱਲੀ ਮਿਊਸੀਪਲ ਕਾਰਪੋਰੇਸ਼ਨ ਨੇ ਭਾਈ ਮਤੀਦਾਸ ਛਬੀਲ ਦੀ ਭੰਨ-ਤੋੜ ਨੂੰ ਅੰਜਾਮ ਦਿੱਤਾ ਹੈ ਅਤੇ ਆਮ ਆਦਮੀ ਪਾਰਟੀ ਦੀ ਇਸ ਵਿਚ ਕੋਈ ਵੀ ਭੂਮਿਕਾ ਨਹੀਂ ਹੈ। ਅਕਾਲੀ-ਭਾਜਪਾ ਇਸ ਮੁੱਦੇ ਨੂੰ ਗਲਤ ਢੰਗ ਨਾਲ ਪੇਸ਼ ਕਰਕੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣਾ ਚਾਹੁੰਦੇ ਹਨ।
ਆਮ ਆਦਮੀ ਪਾਰਟੀ (ਆਪ) ਨੇ ਅੱਜ ਅਕਾਲੀ-ਭਾਜਪਾ ਉਤੇ ਗੁਰਦੁਆਰਾ ਸ੍ਰੀ ਸ਼ੀਸ਼ ਗੰਜ ਸਾਹਿਬ ਵਿਖੇ ਛਬੀਲ ਤੋੜਨ ਦੇ ਮਾਮਲੇ ਸੰਬੰਧੀ ਲੋਕਾਂ ਨੂੰ ਗੁੰਮਰਾਹ ਕਰਨ ਲਈ ਨਿਸ਼ਾਨਾ ਸਾਧਿਆ। ਆਪ ਨੇ ਇਸ ਮਾਮਲੇ ਵਿਚ ਅਕਾਲੀ-ਭਾਜਪਾ ਨੂੰ ਤੁਰੰਤ ਸਮੁੱਚੀ ਸਿੱਖ ਕੌਮ ਤੋਂ ਮੁਆਫੀ ਮੰਗਣ ਲਈ ਕਿਹਾ ਹੈ।
ਆਪ ਨੇਤਾਵਾਂ ਨੇ ਕਿਹਾ ”ਭਾਵੇਂ ਭਾਜਪਾ ਅਤੇ ਅਕਾਲੀ ਦਲ ਆਪਣੇ ਰਾਜਨੀਤਿਕ ਲਾਭ ਲਈ ਇਸ ਮੁੱਦੇ ਨੂੰ ਤੋੜ-ਮਰੋੜ ਕੇ ਪੇਸ਼ ਕਰ ਰਹੇ ਹਨ, ਪਰੰਤੂ ਅਕਲਮੰਦ ਲੋਕ ਇਨ੍ਹਾਂ ਦੀਆਂ ਇਨ੍ਹਾਂ ਸਾਜਿਸ਼ਾਂ ਨੂੰ ਸਮਝ ਚੁੱਕੇ ਹਨ ਅਤੇ ਲੋਕਾਂ ਉਤੇ ਅਜਿਹਾਂ ਝੂਠੀਆਂ ਅਫਵਾਹਾਂ ਦਾ ਕੋਈ ਅਸਰ ਨਹੀਂ ਹੋਵੇਗਾ” ।
”ਪੰਜਾਬ ਸਥਿਤ ਮੀਡੀਆ ਦਾ ਕੁਝ ਹਿੱਸਾ ਭੰਨ-ਤੋੜ ਦੀ ਇਸ ਕਾਰਵਾਈ ਨੂੰ ਆਪ ਵਲੋਂ ਕੀਤਾ ਕਾਰਜ ਗਰਦਾਨਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਹੜਾ ਕੀ ਸੱਚਾਈ ਤੋਂ ਕੋਹਾਂ ਦੂਰ ਅਤੇ ਸਰਾਸਰ ਝੂਠ ਹੈ”। ਆਪ ਲੀਡਰਾਂ ਨੇ ਕਿਹਾ ਕਿ ਬਿਨਾ ਤੱਥਾਂ ਤੋਂ ਖਬਰ ਛਾਪਣ ਅਤੇ ਲੋਕਾਂ ਨੂੰ ਮੁੱਦੇ ਤੋਂ ਭਟਕਾ ਕੇ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੀ ਕੋਸ਼ਿਸ ਕਰਨ ਵਾਲੇ ਪੰਜਾਬ ਦੇ ਇਸ ਅਖਬਾਰ ਦੇ ਵਿਰੁੱਧ ਆਮ ਆਦਮੀ ਪਾਰਟੀ ਮਾਨਹਾਨੀ ਦਾ ਮਾਮਲਾ ਦਰਜ ਕਰਵਾਏਗੀ।
ਨੇਤਾਵਾਂ ਨੇ ਅਕਾਲੀ-ਭਾਜਪਾ ‘ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉਹ ਇਸ ਮੁੱਦੇ ਨੂੰ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਗਲਤ ਢੰਗ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਇੱਥੇ ਇਹ ਦੱਸਣਾ ਲਾਜਮੀ ਹੋਵੇਗਾ ਕਿ ਬੁੱਧਵਾਰ ਨੂੰ ਦਿੱਲੀ ਦੇ ਚਾਂਦਨੀ ਚੌਂਕ ਵਿਚ ਸਥਿਤ ਗੁਰਦੁਆਰਾ ਸ੍ਰੀ ਸ਼ੀਸ਼ ਗੰਜ ਸਾਹਿਬ ਦੇ ਬਾਹਰ ਬਣੇ ਛਬੀਲ ਨੂੰ ਉਤੱਰ-ਦਿੱਲੀ ਮਿਊਸੀਪਲ ਕਾਰਪੋਰੇਸ਼ਨ ਅਤੇ ਦਿੱਲੀ ਪੁਲਿਸ ਨੇ ਢਾਹ ਦਿੱਤਾ ਸੀ। ਇਹ ਛਬੀਲ ਹਰ ਰੋਜ ਗੁਰਦੁਆਰਾ ਸਾਹਿਬ ਆਉਣ ਵਾਲੀਆਂ ਸੰਗਤਾ ਅਤੇ ਹੋਰ ਲੱਖਾਂ ਲੋਕਾਂ ਨੂੰ ਪਾਣੀ ਪਿਆਉਣ ਲਈ ਵਰਤਿਆ ਜਾਂਦਾ ਸੀ।